ਦ੍ਰਿੜ ਇਰਾਦੇ ਵਾਲੀ ਟਰੱਕ ਚਾਲਕ ਪੰਜਾਬ ਦੀ ਧੀ ਜਸਕਰਨ ਕੌਰ ਬਿਸਲਾ ਹੋਰਨਾਂ ਲਈ ਬਣੀ ਰੋਲ ਮਾਡਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ 8 ਮਹੀਨਿਆ ਤੋਂ ਜਸਕਰਨ ਕੌਰ ਪੋਸਤੇ ਇਤਲੀਆਨਾ ਦਾ ਸਮਾਨ ਲੈਕੇ ਮਿਲਾਨ ਤੋਂ ਬੋਲੋਨੀਆ ਅਤੇ ਫਿਰ ਵਾਪਿਸ ਮਿਲਾਨ ਸਾਮਾਨ ਲੈ ਕੇ ਪੁੱਜਦੀ ਹੈ।

photo

 

ਮਿਲਾਨ (ਦਲਜੀਤ ਮੱਕੜ) ਅੋਰਤਾਂ ਦਾ  ਸਾਮਾਜ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਅੱਜ ਬਹੁਤ ਸਾਰੀਆ ਅੋਰਤਾਂ ਸਮਾਜ ਲਈ ਪ੍ਰੇਰਨਾ ਸਰੋਤ ਵੀ ਹਨ। ਕੁੱਝ ਅਜਿਹੀ ਹੀ ਦ੍ਰਿੜ ਇਰਾਦਿਆਂ ਵਾਲੀ  ਜਸਕਰਨ ਕੌਰ ਬਿਸਲਾ ਜੋ ਕਿ ਇਟਲੀ ਵਿੱਚ ਟਰੱਕ ਚਲਾਉਂਦੀ ਹੈ। ਸਾਲ 2008 ਵਿੱਚ ਪਰਿਵਾਰ ਨਾਲ ਇਟਲੀ ਪਹੁੰਚੀ ਪੰਜਾਬ ਦੀ ਹੋਣਹਾਰ ਧੀ ਜਿਸਨੇ 2017 ਵਿੱਚ ਵਿਆਹ ਕਰਵਾ 2 ਬੱਚੀਆਂ ਨੂੰ ਜਨਮ ਦਿੱਤਾ ਅਤੇ ਕਾਰ, ਬੱਸ ਅਤੇ ਟਰੱਕ  ਦਾ ਲਾਇਸੈਂਸ ਕਰ ਚੁੱਕੀ ਹੈ। ਜਿਸ ਉਪਰੰਤ ਪਿਛਲੇ 8 ਮਹੀਨਿਆ ਤੋਂ ਜਸਕਰਨ ਕੌਰ ਪੋਸਤੇ ਇਤਲੀਆਨਾ ਦਾ ਸਮਾਨ ਲੈਕੇ ਮਿਲਾਨ ਤੋਂ ਬੋਲੋਨੀਆ ਅਤੇ ਫਿਰ ਵਾਪਿਸ ਮਿਲਾਨ ਸਾਮਾਨ ਲੈ ਕੇ ਪੁੱਜਦੀ ਹੈ।

ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਸਕਰਨ ਕੌਰ ਨੇ ਦੱਸਿਆ ਕਿ ਉਸਨੂੰ ਡਰਾਇਵਿੰਗ ਦਾ ਬੇਹੱਦ ਸ਼ੌਂਕ ਹੈ। ਜਿਸ ਕਰਕੇ ਵੀ ਉਸ ਨੇ ਇਸ ਨੌਕਰੀ ਨੂੰ ਚੁਣਿਆ। ਉਸ ਨੇ ਦੱਸਿਆ ਕਿ ਉਸਨੇ ਹਮੇਸ਼ਾਂ ਹੀ ਕੁੱਝ ਵੱਖਰਾ ਕਰਨ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਉਸ ਦੇ ਪਰਿਵਾਰ ਨੇ ਉਸ ਦਾ ਪੂਰਾ ਸਾਥ ਦਿੱਤਾ ਅਤੇ ਅੱਜ ਉਹ ਆਪਣੇ ਸ਼ੌਂਕ ਅਤੇ ਸੁਪਨੇ ਨੂੰ ਪੂਰਾ ਕਰ ਰਹੀ ਹੈ ਅਤੇ ਨਾਲ ਹੀ ਪਰਿਵਾਰ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾ ਰਹੀ ਹੈ।ਜਸਕਰਨ ਕੌਰ ਨੇ ਅੱਗੇ ਕਿਹਾ ਕਿ ਇਟਲੀ ਵੱਸਦੀਆਂ ਪੰਜਾਬਣਾ ਟਰੱਕ ਡਰਾਇੰਵਿੰਗ ਦੇ ਖਿੱਤੇ ਨੂੰ ਵੀ ਅਪਣਾਉਣ। ਕਿਉਂਕਿ ਟਰੱਕ ਚਲਾਉਣਾ ਕੋਈ ਬਹੁਤ ਔਖਾ ਨਹੀਂ ਹੈ ਅਤੇ ਇਸ ਵਿੱਚ ਤਨਖਾਹ ਵੀ ਚੰਗੀ ਹੈ।

ਜਸਕਰਨ ਕੌਰ ਬਿਸਲਾ ਦੇ ਪਤੀ ਲਖਵੀਰ ਸਿੰਘ ਬਿਸਲਾ ਨੇ ਦੱਸਿਆ ਕਿ ਉਹਨਾਂ ਅਤੇ ਉਹਨਾਂ ਦੀ ਪਤਨੀ ਦੋਨਾਂ ਕੋਲ ਕਾਰ,ਬੱਸ ਅਤੇ ਟਰੱਕ ਦਾ ਲਾਇਸੈਂਸ ਹੈ। ਹਾਲਾਕਿ ਉਹ ਖੁਦ ਹਾਲੇ ਫੇਕਟਰੀ ਵਿੱਚ ਹੀ ਨੌਕਰੀ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਪਤਨੀ ਨੇ ਲਾਇਸੈਂਸ ਕਰਨ ਉਪਰੰਤ ਬਹੁਤ ਜਲਦ ਟਰੱਕ ਚਲਾਉਣਾ ਸਿੱਖ ਲਿਆ ਅਤੇ ਅੱਜ ਉਹ ਇਸਦਾ ਖੁਬ ਆਨੰਦ ਮਾਣ ਰਹੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਾਲੀਅਨ ਭਾਸ਼ਾ ਦਾ ਵੱਖਰਾ ਹੋਣ ਕਰਕੇ ਬਹੁਤ ਸਾਰੇ ਭਾਰਤੀ ਹਾਲੇ ਵੀ ਕਾਰ ਦੇ  ਲਾਇਸੈਂਸ ਕਰਨ ਤੋਂ ਵਾਂਝੇ ਹਨ। ਹਾਲਾਕਿ ਭਾਰਤੀਆਂ ਦੇ ਖੋਲੇ ਕੋਚਿੰਗ ਸੈਂਟਰ ਲਾਇਸੈਂਸ ਕਰਨ ਵਿੱਚ ਕਾਫੀ ਮੱਦਦਗਾਰ ਸਾਬਿਤ ਹੋ ਰਹੇ ਹਨ। ਇਟਲੀ ਵਿੱਚ ਟਰੱਕ ਚਾਲਕਾਂ ਲਈ ਚੰਗੀ ਤਨਖਾਹ ਮਿਲ ਰਹੀ ਹੈ। ਹਾਲਾਕਿ ਇਟਲੀ ਦੇ ਮੂਲ ਵਸਨੀਕਾਂ ਦੀਆਂ ਪੀੜੀਆਂ ਟਰੱਕ ਚਲਾਉਣ ਦੇ ਰੁਜ਼ਗਾਰ ਨੂੰ ਬਿਹਤਰ ਮੰਨਦੀਆਂ ਸਨ। ਪਰ ਨਵੀਂ ਪੀੜੀ ਇਸ ਤੋਂ ਕਿਨਾਰਾ ਕਰਦੀ ਨਜਰ ਆ ਰਹੀ ਹੈ। ਬਹੁਤ ਸਾਰੇ ਪੰਜਾਬੀ ਨੌਜਵਾਨ ਇਟਲੀ ਵਿੱਚ ਟਰੱਕ ਚਲਾਉਂਦੇ ਹਨ। ਪਰ ਹਾਲੇ ਤੱਕ ਲੜਕੀਆਂ ਦੀ ਗਿਣਤੀ  ਹਾਲੇ ਵੀ ਇੱਕਾ ਦੁੱਕਾ ਹੈ।