ਮਣੀਪੁਰ ’ਚ ਹਾਲਾਤ ਬੇਕਾਬੂ, ਭੀੜ ਨੇ ਮੰਤਰੀ ਦਾ ਗੋਦਾਮ ਸਾੜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਰ ਸਾੜਨ ਦੀ ਵੀ ਕੋਸ਼ਿਸ਼ ਕੀਤੀ

photo

 

ਇੰਫ਼ਾਲ: ਮਣੀਪੁਰ ’ਚ ਭੀੜ ਨੇ ਸੂਬਾ ਸਰਕਾਰ ਦੇ ਮੰਤਰੀ ਐਲ. ਸੁਮਿੰਦਰੋ ਦੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਚਿਨਗਾਰੇਲ ਸਥਿਤ ਨਿਜੀ ਗੋਦਾਮ ’ਚ ਅੱਗ ਲਾ ਦਿਤੀ। 

ਪੁਲਿਸ ਅਨੁਸਾਰ ਭੀੜ ਨੇ ਖਪਤਕਾਰ ਅਤੇ ਖੁਰਾਕ ਮਾਮਲਿਆਂ ਦੇ ਮੰਤਰੀ ਸੁਸੀਂਦਰੋ ਦੇ ਇਸੇ ਜ਼ਿਲ੍ਹੇ ’ਚ ਖੁਰਈ ਇਲਾਕੇ ’ਚ ਸਥਿਤ ਰਿਹਾਇਸ਼ ਅਤੇ ਹੋਰ ਜਾਇਦਾਦਾਂ ਨੂੰ ਵੀ ਸ਼ੁਕਰਵਾਰ ਰਾਤ ਅੱਗ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਰਖਿਆ ਫ਼ੋਰਸਾਂ ਦੇ ਸਮੇਂ ਸਿਰ ਪੁੱਜਣ ਕਾਰਨ ਉਨ੍ਹਾਂ ਨੂੰ ਰੋਕ ਦਿਤਾ।

ਪੁਲਿਸ ਨੇ ਕਿਹਾ ਕਿ ਸੁਰਖਿਆ ਫ਼ੋਰਸਾਂ ਦੇ ਅੱਧੀ ਰਾਤ ਤਕ ਹੰਝੂ ਗੈਸ ਦੇ ਕਈ ਗੋਲ ਦਾਗੇ, ਤਾਕਿ ਭੀੜ ਨੂੰ ਮੰਤਰੀ ਦੇ ਖੁਰਈ ਸਥਿਤ ਰਿਹਾਇਸ਼ ਦੀ ਘੇਰਾਬੰਦੀ ਕਰਨ ਤੋਂ ਰੋਕਿਆ ਜਾ ਸਕੇ। 

ਘਟਨਾ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। 

ਇਸ ਤੋਂ ਪਹਿਲਾਂ ਸੂਬੇ ਦੀ ਇਕ ਹੋਰ ਮੰਤਰੀ ਨੇਮਚਾ ਕਿਪਗੇਨ ਦੇ ਇੰਫ਼ਾਲ ਪਛਮੀ ਜ਼ਿਲ੍ਹੇ ਦੇ ਲਾਮਫੇਲ ਇਲਾਕੇ ’ਚ ਸਥਿਤ ਘਰ ਨੂੰ 14 ਜੂਨ ਦੀ ਰਾਤ ਨੂੰ ਅਣਪਛਾਤੇ ਲੋਕਾਂ ਨੇ ਸਾੜ ਦਿਤਾ ਸੀ। ਇਸ ਤੋਂ ਅਗਲੇ ਦਿਨ ਕੇਂਦਰੀ ਮੰਤਰੀ ਆਰ.ਕੇ. ਰੰਜਨ ਸਿੰਘ ਦੇ ਘਰ ’ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। 

ਜ਼ਿਕਰਯੋਗ ਹੈ ਕਿ ਮਣੀਪੁਰ ’ਚ ਮੇਈਤੀ ਅਤੇ ਕੁਕੀ ਫ਼ਿਰਕਿਆਂ ਵਿਚਕਾਰ ਹੋਏ ਸੰਘਰਸ਼ ’ਚ ਹੁਣ ਤਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।

ਮੇਈਤੀ ਲੋਕਾਂ ਨੂੰ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦਿਤੇ ਜਾਣ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕੱਢੇ ਜਾਣ ਤੋਂ ਬਾਅਦ ਮਣੀਪੁਰ ’ਚ ਹਿੰਸਕ ਝੜਪਾਂ ਹੋਈਆਂ ਹਨ।

ਮਣੀਪੁਰ ’ਚ ਮੇਈਤੀ ਲੋਕਾਂ ਦੀ ਆਬਾਦੀ 53 ਫ਼ੀ ਸਦੀ ਹੈ, ਜਿਸ ’ਚੋਂ ਜ਼ਿਆਦਾਤਰ ਇੰਫ਼ਾਲ ਵਾਦੀ ’ਚ ਰਹਿੰਦੇ ਹਨ, ਜਦਕਿ ਨਗਾ ਅਤੇ ਕੁਕੀ ਜਨਜਾਤੀਆਂ ਦੀ ਆਬਾਦੀ ਲਗਭਗ 40 ਫ਼ੀ ਸਦੀ ਹੈ ਅਤੇ ਇਹ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੀ ਹੈ।