ਵਹੁਟੀਆਂ ਚਾਹੀਦੀਆਂ ਨੇ ਤਾਂ ਮੁੜ ਜਾਉ ਘਰਾਂ ਨੂੰ ਪਰ ਇਮੀਗ੍ਰੇਸ਼ਨ ਕਾਨੂੰਨ ਵਿਚ ਨਾ ਕੱਢੋ ਨੁਕਸ
ਨਿਊਜ਼ੀਲੈਂਡ ਦੇ ਮੰਤਰੀ ਨੇ ਦਿਤਾ ਵਿਵਾਦਿਤ ਬਿਆਨ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਸਰਕਾਰ ਦੇ ਵਿਚ ਤਿੰਨ ਤੋਂ ਵੱਧ ਮਹਿਕਮੇ ਰੱਖਣ ਵਾਲੇ ਆਰਥਕ ਵਿਕਾਸ ਮੰਤਰੀ ਅਤੇ ਨਿਊਜ਼ੀਲੈਂਡ ਫਸਟ ਰਾਜਨੀਤਕ ਪਾਰਟੀ ਦੇ ਸਾਂਸਦ ਸ਼ੇਨ ਜੋਨਸ ਨੇ ਭਾਰਤੀ ਕਮਿਊਨਿਟੀ ਵਲੋਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਕੀਤੇ ਜਾ ਰਹੇ ਵਿਰੋਧ ਵਿਚ ਇਕ ਰੇਡੀਉ ਇੰਟਰਵੀਊ ਵਿਚ ਕਿਹਾ ਹੈ ਕਿ ਜੇਕਰ ਭਾਰਤੀ ਜੋੜਿਆਂ ਨੂੰ ਅਪਣੀਆਂ ਜੀਵਣ ਸਾਥਣਾ (ਵਹੁਟੀਆਂ) ਨੂੰ ਇਥੇ ਬੁਲਾਉਣ ਵਿਚ ਦੇਰੀ ਲੱਗ ਰਹੀ ਹੈ ਤਾਂ ਉਹ ਪਹਿਲੀ ਫਲਾਈਟ ਫੜ ਕੇ ਵਾਪਸ ਅਪਣੇ ਵਤਨ ਮੁੜ ਜਾਣ।
ਉਨ੍ਹਾਂ ਦਾ ਸਿੱਧਾ ਮਤਲਬ ਸੀ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਨੀਤੀਆਂ ਦੇ ਵਿਚ ਨੁਕਸ ਨਾ ਕੱਢਿਆ ਜਾਵੇ ਇਸਦੇ ਬਦਲ ਵਿਚ ਜੇਕਰ ਉਹ ਨਹੀਂ ਖੁਸ਼ ਤਾਂ ਵਾਪਸ ਮੁੜ ਜਾਣ। ਰਾਸ਼ਟਰੀ ਰੇਡੀਉ ਉਤੇ ਅਜਿਹੇ ਬਿਆਨ ਦਾ ਇਥੇ ਤਿੱਖਾ ਵਿਰੋਧ ਹੋ ਰਿਹਾ ਹੈ। ਸ਼ੋਸ਼ਲ ਮੀਡੀਆ ਉਤੇ ਮੰਤਰੀ ਦੇ ਅਤੇ ਮੌਜੂਦਾ ਸਰਕਾਰ ਦੇ ਵਿਰੁਧ ਲੋਕ ਅਪਣੀ ਭੜਾਸ ਕੱਢ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਵਲੋਂ ਵੀਜ਼ਾ ਸਬੰਧੀ ਫ਼ੈਸਲਾ ਲੈਣ ਵਿਚ ਵੱਡੀ ਦੇਰੀ ਕੀਤੀ ਜਾ ਰਹੀ ਹੈ
ਅਤੇ ਭਾਰਤੀ ਲੋਕਾਂ ਦੀਆਂ ਅਰਜ਼ੀਆਂ ਦੀ ਲੰਬੀ ਕਤਾਰ ਹੈ। ਬਹੁਤੇ ਕੇਸਾਂ ਵਿਚ ਇੰਡੀਆ ਹੋਏ ਵਿਆਹਾਂ ਨੂੰ ਅਸਲੀ ਮੰਨਣ ਵਿਚ ਲੰਬੀ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ। ਵਿਆਹਾਂ ਦੀ ਜਾਂਚ-ਪੜ੍ਹਤਾਲ ਐਨੀ ਹੈ ਕਿ ਅਗਸਤ ਮਹੀਨੇ ਤਕ 87 ਅਰਜੀਆਂ ਦੇ ਵਿਚੋਂ 10 ਨੂੰ ਹੀ ਵੀਜ਼ਾ ਦਿਤਾ ਗਿਆ ਜਦ ਕਿ ਪਿਛਲੇ ਚਾਰ ਸਾਲ ਪਹਿਲਾਂ ਇਹ ਅਨੁਪਾਤ ਅੱਧੋ-ਅੱਧ ਤੱਕ ਸੀ।
ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਅਤੇ ਉਪ ਪ੍ਰਧਾਨ ਮੰਤਰੀ ਵਿਨਸਨ ਪੀਟਰਜ਼ ਜਿਥੇ ਅਜਿਹੇ ਸਖ਼ਤ ਇਮੀਗ੍ਰੇਸ਼ਨ ਕਾਨੂੰਨ ਦੀ ਉਪਮਾ ਕਰਦੇ ਹਨ, ਉਥੇ ਦੂਜੇ ਪਾਸੇ ਅੱਜ ਵਲਿੰਗਟਨ ਪਾਰਲੀਮੈਂਟ ਦੇ ਵਿਚ ਅੱਜ ਭਾਰਤੀਆਂ ਦਾ ਦਿਵਾਲੀ ਦਾ ਤਿਉਹਾਰ ਦੇਸ਼ ਦੀ ਏਥਨਿਕ ਮੰਤਰੀ ਦੇ ਨਾਲ ਮਨਾਉਣ ਵੀ ਪਹੁੰਚੇ ਸਨ।