ਈਰਾਨ ਦੇ ਉਪ ਸਿਹਤ ਮੰਤਰੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਈਰਾਨ ਵਿਚ ਹੁਣ ਤਕ 15 ਲੋਕਾਂ ਦੀ ਹੋਈ ਮੌਤ

file photo

ਤਹਿਰਾਨ : ਈਰਾਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਇਸਲਾਮਿਕ ਗਣਤੰਤਰ ਦੇਸ਼ ਦੇ ਉਪ ਸਿਹਤ ਮੰਤਰੀ ਨੂੰ ਵੀ ਕੋਰੋਨਾ ਵਾਇਰਸ ਹੋਣ ਦਾ ਪਤਾ ਲੱਗਿਆ ਹੈ। ਇਸ ਦੀ ਜਾਣਕਾਰੀ ਇਕ ਸਰਕਾਰੀ ਅਧਿਕਾਰੀ ਵਲੋਂ ਮੰਗਲਵਾਰ ਨੂੰ ਦਿਤੀ ਗਈ ਹੈ।

ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਅਲੀਰੇਜ਼ਾ ਵਾਹਬਜ਼ਾਦੇਹ ਨੇ ਇਕ ਟਵੀਟ ਵਿਚ ਕਿਹਾ ਕਿ ਡਿਪਟੀ ਹੈਲਥ ਮਿਨੀਸਟਰ ਸ਼੍ਰੀ ਹਰੀਰਚੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਰਿਹਾ।

ਸਰਕਾਰ ਦੇ ਬੁਲਾਰੇ ਅਲੀ ਰਾਬੇਈ ਨੇ ਦਸਿਆ ਕਿ ਸੋਮਵਾਰ ਨੂੰ ਇਰਾਜ ਹਰੀਰਚੀ ਨੂੰ ਖੰਘ ਦੀ ਸ਼ਿਕਾਇਤ ਸੀ ਤੇ ਸੋਮਵਾਰ ਨੂੰ ਉਹਨਾਂ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਬਹੁਤ ਪਸੀਨਾ ਵੀ ਆ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਦੀ ਜਾਂਚ ਕਰਵਾਈ ਗਈ ਸੀ।

ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਬਾਅਦ ਈਰਾਨ ਵਿਚ ਕੋਰੋਨਾ ਵਾਇਰਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਈਰਾਨ ਵਿਚ ਇਸ ਵਾਇਰਸ ਕਾਰਨ ਹੁਣ ਤਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਹੁਣ ਪੂਰੇ ਮਿਡਲ-ਈਸਟ ਵਿਚ ਇਸ ਵਾਇਰਸ ਦੇ ਫੈਲਣ ਦਾ ਖਤਰਾ ਵਧ ਗਿਆ ਹੈ।

ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕਾਰਨ ਹੁਣ ਤਕ 80,128 ਲੋਕ ਇੰਫੈਕਟਡ ਹੋ ਚੁੱਕੇ ਹਨ। ਇਹਨਾਂ ਵਿਚੋਂ 77,658 ਲੋਕ ਸਿਰਫ਼ ਚੀਨ ਵਿਚ ਹਨ। ਦੁਨੀਆ ਵਿਚ ਬੀਮਾਰ ਹੋਏ ਲੋਕਾਂ ਵਿਚੋਂ 2700 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਰੇ ਗਏ ਕੁੱਲ ਲੋਕਾਂ ਵਿਚੋਂ 2663 ਲੋਕ ਚੀਨ ਤੋਂ ਹਨ।