ਅਮਰੀਕਾ ’ਚ ਚਾਕਲੇਟ ਫੈਕਟਰੀ ’ਚ ਧਮਾਕਾ, 2 ਲੋਕਾਂ ਦੀ ਮੌਤ, 9 ਲਾਪਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।

photo

 

ਅਮਰੀਕਾ : ਅਮਰੀਕਾ ਦੇ ਪੈਨਸਿਲਵੇਨੀਆ ਸੂਬੇ 'ਚ ਸਥਿਤ ਇਕ ਚਾਕਲੇਟ ਫੈਕਟਰੀ 'ਚ ਸ਼ੁੱਕਰਵਾਰ ਨੂੰ ਧਮਾਕਾ ਹੋਣ ਦੀ ਖਬਰ ਹੈ। ਇਸ ਧਮਾਕੇ 'ਚ ਫੈਕਟਰੀ 'ਚ ਕੰਮ ਕਰਨ ਵਾਲੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਇਸ ਹਾਦਸੇ 'ਚ 9 ਲੋਕ ਲਾਪਤਾ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੈਨਸਿਲਵੇਨੀਆ ਦੇ ਵੈਸਟ ਰੀਡਿੰਗ ਪੁਲਿਸ ਵਿਭਾਗ ਦੇ ਮੁਖੀ ਨੇ ਕਿਹਾ ਕਿ ਵੈਸਟ ਰੀਡਿੰਗ ਖੇਤਰ ਵਿੱਚ ਸਥਿਤ ਆਰ.ਐਮ. ਪਾਮਰ ਕੰਪਨੀ ਦੇ ਪਲਾਂਟ ਵਿੱਚ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ 9 ਲੋਕ ਲਾਪਤਾ ਹਨ। ਫੈਕਟਰੀ 'ਚ ਧਮਾਕਾ ਸ਼ਾਮ ਕਰੀਬ 4.57 ਵਜੇ ਹੋਇਆ। ਧਮਾਕੇ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ ਅਤੇ ਨਾਲ ਲੱਗਦੀ ਇਮਾਰਤ ਨੂੰ ਵੀ ਨੁਕਸਾਨ ਪੁੱਜਾ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਕੋਈ ਖਤਰਾ ਨਹੀਂ ਹੈ ਪਰ ਪੁਲਿਸ ਨੇ ਸਾਵਧਾਨੀ ਦੇ ਤੌਰ 'ਤੇ ਲੋਕਾਂ ਨੂੰ ਫੈਕਟਰੀ ਵੱਲ ਜਾਣ ਤੋਂ ਰੋਕ ਦਿੱਤਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ ਅੱਠ ਲੋਕਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਰੀਡਿੰਗ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।