ਮਾਸਕੋ ਹਮਲੇ ’ਚ ਚਾਰ ਜਣਿਆਂ ’ਤੇ ਦੋਸ਼ ਲਾਏ ਗਏ, ਦੋ ਨੇ ਕਬੂਲ ਕੀਤਾ ਗੁਨਾਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਰੇ ਮੁਲਜ਼ਮ ਤਾਜ਼ਿਕਸਤਾਨ ਦੇ ਨਾਗਰਿਕ ਹਨ, 22 ਮਈ ਤਕ ਹਿਰਾਸਤ ’ਚ ਭੇਜਿਆ

Suspects in court

ਮਾਸਕੋ: ਰੂਸ ਦੇ ਇਕ ਕੰਸਰਟ ਹਾਲ ’ਤੇ ਹੋਏ ਹਮਲੇ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਨੂੰ ਐਤਵਾਰ ਨੂੰ ਮਾਸਕੋ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ’ਤੇ ਅਤਿਵਾਦ ਦਾ ਦੋਸ਼ ਲਗਾਇਆ ਗਿਆ। ਸੁਣਵਾਈ ਦੌਰਾਨ ਮੁਲਜ਼ਮਾਂ ਨੇ ਅਦਾਲਤ ਨੂੰ ਸੱਟਾਂ ਦੇ ਨਿਸ਼ਾਨ ਵੀ ਵਿਖਾਏ। ਇਕ ਵਿਅਕਤੀ ਤਾਂ ਮੁਸ਼ਕਿਲ ਨਾਲ ਹੀ ਹੋਸ਼ ਵਿਚ ਸੀ। ਮਾਸਕੋ ’ਚ ਹੋਏ ਇਸ ਹਮਲੇ ’ਚ 130 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। 

ਅਦਾਲਤ ਨੇ ਕਿਹਾ ਕਿ ਦੋ ਸ਼ੱਕੀਆਂ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। ਹਾਲਾਂਕਿ, ਰੂਸੀ ਮੀਡੀਆ ਨੇ ਪਹਿਲਾਂ ਦਸਿਆ ਸੀ ਕਿ ਤਿੰਨ ਜਾਂ ਸਾਰੇ ਚਾਰ ਸ਼ੱਕੀਆਂ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। 

ਇਸ ਮਾਮਲੇ ਦੇ ਜਾਂਚਕਰਤਾਵਾਂ ਨੇ ਅਤਿਵਾਦੀ ਹਮਲੇ ਲਈ ਡੇਲਾਰਡਜਾਨ ਮਿਰਜੋਏਵ (32), ਸੈਦਾਕ੍ਰਮੀ ਰਚਾਬਲੀਜ਼ੋਦਾ (30), ਮੁਹੰਮਦ ਸੋਬੀਰ ਫੈਜ਼ੋਵ (19) ਅਤੇ ਸ਼ਮਸਿਦੀਨ ਫਰੀਦੁਨੀ (25) ਨੂੰ ਦੋਸ਼ੀ ਠਹਿਰਾਇਆ ਹੈ। ਇਸ ਅਪਰਾਧ ’ਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। 

ਮੀਡੀਆ ਰੀਪੋਰਟਾਂ ’ਚ ਸਾਰੇ ਮੁਲਜ਼ਮਾਂ ਦੀ ਪਛਾਣ ਤਾਜਿਕਸਤਾਨ ਦੇ ਨਾਗਰਿਕਾਂ ਵਜੋਂ ਕੀਤੀ ਗਈ ਹੈ। ਮਾਸਕੋ ਦੇ ਬਾਸਮਾਨੀ ਦੀ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਨੂੰ 22 ਮਈ ਤਕ ਹਿਰਾਸਤ ’ਚ ਰੱਖਣ ਦਾ ਹੁਕਮ ਦਿਤਾ ਹੈ। 

ਰੂਸੀ ਮੀਡੀਆ ’ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਪੁਲਿਸ ਨੇ ਪੁੱਛ-ਪੜਤਾਲ ਦੌਰਾਨ ਦੋਸ਼ੀ ਨੂੰ ਤਸੀਹੇ ਦਿਤੇ। ਸੁਣਵਾਈ ਦੌਰਾਨ ਅਦਾਲਤ ’ਚ ਪੇਸ਼ ਹੋਏ ਮਿਰਜੋਏਵ, ਰਚਬਲੀਜ਼ੋਦਾ ਅਤੇ ਫਰੀਦੁਨੀ ਦੇ ਚਿਹਰਿਆਂ ’ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਸਈਦਕ੍ਰਾਮੀ ਰਚਾਬਲੀਜੋਡਾ ਨੇ ਅਪਣੇ ਕੰਨ ’ਤੇ ਪੱਟੀ ਬੰਨ੍ਹੀ ਹੋਈ ਸੀ। 

ਚੌਥੇ ਦੋਸ਼ੀ ਫੈਜ਼ੋਵ ਨੂੰ ਹਸਪਤਾਲ ਤੋਂ ਵ੍ਹੀਲਚੇਅਰ ’ਤੇ ਸਿੱਧਾ ਅਦਾਲਤ ਲਿਆਂਦਾ ਗਿਆ ਅਤੇ ਸੁਣਵਾਈ ਦੌਰਾਨ ਉਹ ਅੱਖਾਂ ਬੰਦ ਕਰ ਕੇ ਬੈਠਾ ਰਿਹਾ। ਸੁਣਵਾਈ ਦੌਰਾਨ ਸਿਹਤ ਕਰਮਚਾਰੀ ਉਨ੍ਹਾਂ ਦੀ ਡਾਕਟਰੀ ਦੇਖਭਾਲ ’ਚ ਲੱਗੇ ਹੋਏ ਸਨ।

ਅਦਾਲਤ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਮਿਰਜੋਏਵ ਅਤੇ ਰਚਬਲੀਜ਼ੋਡਾ ਨੇ ਅਪਣੇ ਵਿਰੁਧ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ।