ਕੋਰੋਨਾ ਦੇ ਇਲਾਜ ਲਈ ਕੈਨੇਡਾ ਸਰਕਾਰ ਨੇ ਜਾਰੀ ਕੀਤਾ ਫੰਡ, ਜਾਣੋ ਜਸਟਿਨ ਟਰੂਡੋ ਨੇ ਹੋਰ ਕੀ ਕਿਹਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਖਿਲਾਫ ਰਾਸ਼ਟਰੀ ਮੈਡੀਕਲ ਖੋਜ ਲਈ 1.1 ਬਿਲੀਅਨ ਕੈਨੇਡੀਅਨ ਡਾਲਰ (ਲਗਭਗ 782 ਮਿਲੀਅਨ ਅਮਰੀਕੀ ਡਾਲਰ) ਖਰਚ ਕਰਨ ਦਾ ਐਲਾਨ ਕੀਤਾ ਹੈ।

Photo

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਖਿਲਾਫ ਰਾਸ਼ਟਰੀ ਮੈਡੀਕਲ ਖੋਜ ਲਈ 1.1 ਬਿਲੀਅਨ ਕੈਨੇਡੀਅਨ ਡਾਲਰ (ਲਗਭਗ 782 ਮਿਲੀਅਨ ਅਮਰੀਕੀ ਡਾਲਰ) ਖਰਚ ਕਰਨ ਦਾ ਐਲਾਨ ਕੀਤਾ ਹੈ। ਇਸ ਫੰਡ ਦੀ ਵਰਤੋਂ ਕੋਵਿਡ-19 ਦੇ ਇਲਾਜ ਦੀ ਖੋਜ, ਮੈਡੀਕਲ ਸਪਲਾਈ ਅਤੇ ਟੈਸਟਿੰਗ ਲਈ ਕੀਤੀ ਜਾਵੇਗੀ।

ਕੈਨੇਡਾ ਸਰਕਾਰ ਇਸ ਮਹਾਂਮਾਰੀ ਦੇ ਇਲਾਜ ਲਈ ਹਸਪਤਾਲਾਂ ਅਤੇ ਮੈਡੀਕਲ ਯੂਨੀਵਰਸਿਟੀਆਂ ‘ਚ ਚੱਲ ਰਹੀ ਖੋਜ ‘ਤੇ ਕਰੀਬ 115 ਮਿਲੀਅਨ ਡਾਲਰ ਦੇ ਕਰੀਬ ਖਰਚ ਕਰ ਰਹੀ ਹੈ ਤਾਂ ਜੋ ਇਸ ਵਾਇਰਸ ਦਾ ਇਲਾਜ ਛੇਤੀ ਲੱਭਿਆ ਜਾ ਸਕੇ। ਵੀਰਵਾਰ ਨੂੰ ਓਟਾਵਾ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਜੇਕਰ ਅਸੀਂ ਇਸ ਵਾਇਰਸ ਨੂੰ, ਇਸ ਦੇ ਪ੍ਰਸਾਰ ਨੂੰ ਅਤੇ ਇਸ ਦੇ ਪ੍ਰਭਾਵ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਹਾਂ, ਤਾਂ ਇਸ ਨੂੰ ਵੱਖ-ਵੱਖ ਲੋਕਾਂ ‘ਤੇ ਸਮਝਣ ਨਾਲ ਅਸੀਂ ਇਸ ਨਾਲ ਬਿਹਤਰ ਤਰੀਕੇ ਨਾਲ ਲੜ ਸਕਦੇ ਹਾਂ ਅਤੇ ਇਸ ਨੂੰ ਹਰਾ ਸਕਦੇ ਹਾਂ।

ਨਿਊਜ਼ ਏਜੰਸੀ ਅਨੁਸਾਰ ਇਸ ਫੰਡ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। 115 ਮਿਲੀਅਨ ਡਾਲਰ ਇਲਾਜ ਲਈ ਹਸਪਤਾਲਾਂ ਤੇ ਮੈਡੀਕਲ ਯੂਨੀਵਰਸਿਟੀਆਂ ‘ਚ ਚੱਲ ਰਹੀ ਖੋਜ ‘ਤੇ ਖਰਚ ਕੀਤੇ ਜਾਣਗੇ। ਟੈਸਟਿੰਗ ਅਤੇ ਮਾਡਲਿੰਗ ਤਿਆਰ ਕਰਨ ਲਈ 350 ਮਿਲੀਅਨ ਅਤੇ ਮੈਡੀਕਲ ਸਪਲਾਈ ਲਈ 662 ਮਿਲੀਅਨ ਡਾਲਰ ਖਰਚ ਕੀਤੇ ਜਾ ਰਹੇ ਹਨ।

ਇਸ ਸਬੰਧੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾ. ਥੇਰੇਸਾ ਟਾਮ ਦੀ ਅਗਵਾਈ ਹੇਠ ਇਕ ਟਾਸਕ ਫੋਰਸ ਬਣਾਈ ਗਈ ਹੈ। ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਸਿਹਤ ਮਾਹਿਰ ਅਤੇ ਵਿਗਿਆਨੀ ਇਕੱਠੇ ਹੋ ਕੇ ਇਸ ਮਹਾਮਾਰੀ ਦਾ ਇਲਾਜ ਲੱਭਣਗੇ। ਇਸ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਲਈ ਨਵੇਂ ਐਮਰਜੈਂਸੀ ਲਾਭ ਦਾ ਐਲਾਨ ਕੀਤਾ।

ਇਸ ਦੇ ਤਹਿਤ ਜਿਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਰੁਜ਼ਗਾਰ ‘ਤੇ ਪ੍ਰਭਾਵ ਪਿਆ ਹੈ, ਉਹਨਾਂ ਨੂੰ ਚਾਰ ਮਹੀਨਿਆਂ ਲਈ 1250 ਡਾਲਰ ਪ੍ਰਤੀ ਮਹਿਨਾ ਦਿੱਤੇ ਜਾਣਗੇ। ਅਪਾਹਜਾਂ ਜਾਂ ਹੋਰਨਾਂ ਦੀ ਸੰਭਾਲ ਕਰ ਰਹੇ ਵਿਦਿਆਰਥੀਆਂ ਲਈ ਇਹ ਰਕਮ ਪ੍ਰਤੀ ਮਹੀਨਾ 1750 ਡਾਲਰ ਹੋਵੇਗੀ।

 ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਮਿਊਨਿਟੀ ਵਿਚ ਕੰਮ ਕਰ ਰਹੇ ਵਲੰਟੀਅਰਜ਼ ਨੂੰ 1000 ਤੋਂ 5000 ਡਾਲਰ ਤੱਕ ਇਨਾਮ ਦਿੱਤੇ ਜਾਣਗੇ। ਜਸਟਿਨ ਟਰੂਡੋ ਨੇ ਸਮਾਜ ਸੇਵੀ ਸੰਸਥਾਵਾਂ ਲਈ ਵੀ 350 ਮਿਲੀਅਨ ਡਾਲਰ ਦਾ ਫੰਡ ਦੇਣ ਦਾ ਐਲਾਨ ਕੀਤਾ ਹੈ।