ਅਸੀਂ ਨਾਨਕ ਦੇ ਫ਼ਲਸਫ਼ੇ 'ਤੇ ਚਲਦੇ ਹਾਂ : ਰਾਹੁਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐਸਐਸ ਭਾਰਤ ਵਿਚ ਵੰਡੀਆਂ ਪਾ ਰਹੇ ਹਨ ਅਤੇ ਲੋਕਾਂ ਅੰਦਰ ਨਫ਼ਰਤ ਫੈਲਾ ਰਹੇ ਹਨ...........

Rahul Gandhi

ਬਰਲਿਨ/ਲੰਦਨ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐਸਐਸ ਭਾਰਤ ਵਿਚ ਵੰਡੀਆਂ ਪਾ ਰਹੇ ਹਨ ਅਤੇ ਲੋਕਾਂ ਅੰਦਰ ਨਫ਼ਰਤ ਫੈਲਾ ਰਹੇ ਹਨ। ਜਰਮਨੀ ਦੇ ਇਸ ਸ਼ਹਿਰ ਵਿਚ ਸਮਾਗਮ ਦੌਰਾਨ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਸੋਚ ਹੈ ਕਿ 'ਅਨੇਤਕਾ ਵਿਚ ਏਕਤਾ' ਗੁਰੂ ਨਾਨਕ ਦੇਵ ਦੇ ਸਮੇਂ ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾਨਕ ਦੇ ਫ਼ਲਸਫ਼ੇ 'ਤੇ ਚਲਦੀ ਹੈ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ 'ਤੇ ਹੱਲਾ ਬੋਲਦਿਆਂ ਗਾਂਧੀ ਨੇ ਕਿਹਾ ਕਿ ਲੰਮੇ-ਲੰਮੇ ਭਾਸ਼ਨ ਦਿਤੇ ਜਾ ਰਹੇ ਹਨ ਅਤੇ ਨਫ਼ਰਤ ਫੈਲਾਈ ਜਾ ਰਹੀ ਹੈ

ਪਰ ਨਾਲ ਹੀ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ, ਕਾਂਗਰਸ ਸੱਭ ਦੀ ਹੈ, ਹਰ ਕਿਸੇ ਲਈ ਕੰਮ ਕਰਦੀ ਹੈ ਅਤੇ ਸਾਡਾ ਕੰਮ ਅਨੇਕਤਾ ਵਿਚ ਏਕਤਾ ਦੀ ਸੋਚ ਫੈਲਾਉਣਾ ਹੈ ਪਰ ਭਾਰਤ ਦੀ ਸਰਕਾਰ ਵਖਰੇ ਤੌਰ 'ਤੇ ਕੰਮ ਕਰ ਰਹੀ ਹੈ।' ਬਾਅਦ ਵਿਚ ਲੰਦਨ ਪਹੁੰਚੇ ਰਾਹੁਲ ਨੇ ਉਥੇ ਸਮਾਗਮ ਦੌਰਾਲ ਆਰਐਸਐਸ 'ਤੇ ਹਮਲਾ ਬੋਲਿਆ ਅਤੇ ਇਸ ਦੀ ਤੁਲਨਾ ਅਰਬ ਦੇ ਕੱਟੜਪੰਥੀ ਸੰਗਠਨ ਮੁਸਲਿਮ ਬ੍ਰਦਰਹੁੱਡ ਨਾਲ ਕੀਤੀ। ਰਾਹੁਲ ਨੇ ਕਿਹਾ ਕਿ ਸੰਘ ਤੋਂ ਇਲਾਵਾ ਕੋਈ ਅਜਿਹਾ ਸੰਗਠਨ ਨਹੀਂ ਹੈ ਜੋ ਸੰਸਥਾਵਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ।

 ਉਧਰ, ਆਰਐਸਐਸ ਨੇ ਕਿਹਾ ਕਿ ਰਾਹੁਲ ਇਕ ਵਾਰ ਉਨ੍ਹਾਂ ਦੀ ਸ਼ਾਖ਼ਾ ਵਿਚ ਆ ਕੇ ਵੇਖ ਲੈਣ, ਹਕੀਕਤ ਪਤਾ ਲੱਗ ਜਾਵੇਗੀ। ਜ਼ਿਕਰਯੋਗ ਹੈ ਕਿ ਮੁਸਲਿਮ ਬ੍ਰਦਰਹੁੱਡ 'ਤੇ ਕਈ ਦੇਸ਼ਾਂ ਵਿਚ ਪਾਬੰਦੀ ਲੱਗੀ ਹੋਈ ਹੈ। ਇਸ ਸੰਸਥਾ ਉਤੇ ਹਿੰਸਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਲਗਦੇ ਰਹੇ ਹਨ। ਇਹ ਜਥੇਬੰਦੀ 90 ਸਾਲ ਪੁਰਾਣੀ ਇਸਲਾਮਿਕ ਜਥੇਬੰਦੀ ਹੈ ਜਿਸ ਦਾ ਮਕਸਦ ਦੇਸ਼ਾਂ ਵਿਚ ਇਸਲਾਮੀ ਕਾਨੂੰਨ ਯਾਨੀ ਸ਼ਰੀਅਤ ਲਾਗੂ ਕਰਨਾ ਹੈ। ਰਾਹੁਲ ਨੇ ਕਿਹਾ, 'ਬੀਜੇਪੀ ਤੇ ਆਰਐਸਐਸ ਦੇ ਲੋਕ ਸਾਡੇ ਲੋਕਾਂ ਵਿਚ ਵੰਡੀਆਂ ਪਾ ਰਹੇ ਹਨ। ਉਹ ਸਾਡੇ ਅਪਣੇ ਹੀ ਦੇਸ਼ ਵਿਚ ਨਫ਼ਰਤ ਪੈਦਾ ਕਰ ਰਹੇ ਹਨ।

ਸਾਡਾ ਕੰਮ ਲੋਕਾਂ ਨੂੰ ਇਕੱਠੇ ਕਰਨਾ ਹੈ ਅਤੇ ਦੇਸ਼ ਨੂੰ ਅਗਾਂਹ ਲਿਜਾਣਾ ਹੈ। ਅਸੀਂ ਉਨ੍ਹਾਂ ਨੂੰ ਵਿਖਾਇਆ ਹੈ ਕਿ ਕਿਵੇਂ ਕੰਮ ਕਰਨਾ ਹੈ ਪਰ ਉਹ ਸਾਡੀ ਨਹੀਂ ਸੁਣ ਰਹੇ।' ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਚੀਨ ਨੇ 24 ਘੰਟਿਆਂ ਵਿਚ 50 ਹਜ਼ਾਰ ਲੋਕਾਂ ਨੂੰ ਨੌਕਰੀਆਂ ਦਿਤੀਆਂ ਤੇ ਭਾਰਤ ਨੇ ਇਸ ਅਰਸੇ ਦੌਰਾਨ ਸਿਰਫ਼ 450 ਲੋਕਾਂ ਨੂੰ ਨੌਕਰੀਆਂ ਦਿਤੀਆਂ। ਉਨ੍ਹਾਂ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਅੱਗੇ ਵਧੇ ਅਤੇ ਇਹ ਕਦੇ ਵੀ ਸੁਣਨ ਨੂੰ ਨਾ ਮਿਲੇ ਕਿ ਕੋਈ ਸਾਡੇ ਦੇਸ਼ ਵਿਚ ਨਫ਼ਰਤ ਫੈਲਾ ਰਿਹਾ ਹੈ।' ਚੀਨ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਡੋਕਲਾਮ ਵਿਚ ਅੱਜ ਵੀ ਚੀਨੀ ਫ਼ੌਜੀ ਮੌਜੂਦ ਹਨ।  (ਪੀਟੀਆਈ)