ਬਾਬੇ ਨਾਨਕ ਦੀ ਬਾਣੀ ਨਾਲ ਰੁਸ਼ਨਾ ਉਠਿਆ ਆਸਟ੍ਰੇਲੀਆ ਦਾ ਓਪੇਰਾ ਹਾਊਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ਬਦ ਕੀਰਤਨ ਦੀ ਮਿਠਾਸ ਨਾਲ ਓਪੇਰਾ ਹਾਊਸ 'ਚ ਸੰਗਤ ਧੰਨ

Opera House of Australia

ਆਸਟ੍ਰੇਲੀਆ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰੀ ਦੁਨੀਆ ਵਿਚ ਸਮਾਗਮ ਕੀਤੇ ਜਾ ਰਹੇ ਹਨ। ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਵਿਦੇਸ਼ ਦੀ ਧਰਤੀ ਤੇ ਵਸਦੇ ਪੰਜਾਬੀਆਂ ਵਿਚ ਤਾਂ ਉਤਸ਼ਾਹ ਪਾਇਆ ਹੀ ਜਾ ਰਿਹਾ ਹੈ। ਉਥੇ ਹੀ ਵਿਦੇਸ਼ੀ ਨਾਗਰਿਕ ਵੀ ਇਨ੍ਹਾਂ ਸਮਾਗਮਾਂ ਵਿਚ ਵੱਧ ਚੜ੍ਹਕੇ ਸ਼ਮੂਲੀਅਤ ਕਰ ਰਹੇ ਹਨ ਅਤੇ ਬਾਬਾ ਨਾਨਕ ਦੇ ਫਲਸਫੇ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਤੋਂ ਜਾਣੂ ਹੋ ਰਹੇ ਹਨ। 

ਆਸਟ੍ਰੇਲੀਆ ਦੇ ਸਿਡਨੀ ਸਥਿਤ ਓਪੇਰਾ ਹਾਊਸ ਵਿੱਚ ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਥੇ ਸਿਡਨੀ ਦਾ ਓਪੇਰਾ ਹਾਊਸ ਰੰਗ ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾ ਗਿਆ। ਰਾਗੀ ਜਥੇ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਸੁਣਾ ਕੇ ਧੰਨ ਕੀਤਾ ਗਿਆ। ਇਸ ਮੌਕੇ ਸਿਡਨੀ ਦੇ ਕਈ ਉੱਚ ਆਹੁਦੇਦਾਰ ਅਤੇ ਵੱਡੀਆਂ ਸਖਸ਼ੀਅਤਾਂ ਵੀ ਮੌਜੂਦ ਰਹੀਆਂ ਜਿਨ੍ਹਾਂ ਬਾਬਾ ਨਾਨਕ ਦੀ ਬਾਣੀ ਸੁਣੀ ਅਤੇ ਸਮੁੱਚੀ ਦੁਨੀਆ ਦੇ ਬਾਨੀ ਦਾ ਇਤਿਹਾਸ ਜਾਣਿਆ।

ਕੁਝ ਦਿਨ ਪਹਿਲਾਂ ਵੀ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਤੋਂ ਕੁਝ ਦੂਰੀ 'ਤੇ ਸਥਿਤ ਬੈਨਡੀਗੋ ਨਾਮੀ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ ਪੁਰਬ ਦੇ ਸਬੰਧ ਚ ਨਗਰ ਕੀਰਤਨ ਸਜਾਏ ਗਏ। ਇਸ ਮੌਕੇ ਵੱਡੀ ਗਿਣਤੀ ਚ ਸਿੱਖ ਸੰਗਤ ਦੇ ਨਾਲ ਨਾਲ ਦੂਜੇ ਭਾਈਚਾਰੇ ਦੇ ਲੋਕਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸੰਗਤ ਨੂੰ ਗਤੱਕੇ ਦੇ ਜੋਹਰ ਵੀ ਵੇਖਣ ਲਈ ਮਿਲੇ। ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ।

ਦੱਸ ਦਈਏ ਕਿ ਗੁਰੂ ਕੇ ਲੰਗਰ ਦੀ ਸੇਵਾ ਖਾਲਸਾ ਛਾਉਣੀ ਦਲ ਬਾਬਾ ਬਿਧੀ ਚੰਦ ਪਲੰਮਟਨ ਵਲੋਂ ਵਿਸ਼ੇਸ਼ ਤੋਰ ਤੇ ਨਿਭਾਈ ਗਈ। ਬਸ ਹੁਣ ਸਿੱਖ ਸ਼ਰਧਾਲੂਆਂ ਨੂੰ ਉਸ ਘੜੀ ਦਾ ਇੰਤਜ਼ਾਰ ਹੈ ਜਦੋਂ ਕਰਤਾਰਪੁਰ ਸਾਹਿਬ ਦੇ ਲੰਘੇ ਵਿਚੋਂ ਹੋਕੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਮੁਕੰਮਲ ਵੀ ਹੋ ਚੁੱਕੇ ਹਨ।

ਜੇ ਗੱਲ ਕਰੀਏ ਪਵਿੱਤਰ ਵੇਈਂ ਨਦੀ ਦੀ ਤਾਂ ਉਸ ਦੇ ਆਸੇ-ਪਾਸੇ ਕਾਫ਼ੀ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਜੋ 550 ਸਾਲਾ ਸਮਾਗਮ ’ਤੇ ਆਉਣ ਵਾਲੀ ਸੰਗਤ ਨੂੰ ਸਹੂਲਤ ਹੋ ਸਕੇ। ਇਸ ਸਬੰਧੀ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਅਪਣੇ ਫੇਸਬੁੱਕ ਪੇਜ਼ ’ਤੇ ਕੁੱਝ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ ਜੋ ਸੁਲਤਾਨਪੁਰ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਹਨ।

ਇਸੇ ਤਰ੍ਹਾਂ ਸੰਗਤਾਂ ਦੀ ਸਹੂਲਤ ਲਈ ਕਰੀਬ 52 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਾਲ ਟੈਂਟ ਸਿਟੀ ਸਥਾਪਿਤ ਕੀਤੀ ਗਈ, ਜਿਸ ਵਿਚ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਹਰ ਸਹੂਲਤ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।