ਸੁਡਾਨ ’ਚ ਤਖ਼ਤਾਪਲਟ : ਪ੍ਰਧਾਨ ਮੰਤਰੀ ਹਿਰਾਸਤ ’ਚ, ਟੀਵੀ ਚੈਨਲ ’ਤੇ ਫ਼ੌਜ ਨੇ ਕੀਤਾ ਕਬਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਜਧਾਨੀ ਖਾਰਟੂਮ ਵਿਚ ਇੰਟਰਨੈਟ ਬੰਦ

Sudan

ਖਾਰਟੂਮ  : ਸੂਡਾਨ ’ਚ ਫ਼ੌਜ ਨੇ ਸੋਮਵਾਰ ਤੜਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਅੰਤਰਿਮ ਸਰਕਾਰ ਦੇ ਕਈ ਮੰਤਰੀਆਂ ਸਮੇਤ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੂਡਾਨ ਦੇ ਸੂਚਨਾ ਮੰਤਰਾਲੇ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਰਿਹਾਈ ਅਤੇ ਸਰਕਾਰ ਦਾ ਤਖ਼ਤਾ ਪਲਟਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੀ ਮੰਗ ਕੀਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫ਼ੌਜ ਨੇ ਦੇਸ਼ ਦੇ ਸਰਕਾਰੀ ਟੀਵੀ ਅਤੇ ਰੇਡੀਉ ਦੇ ਹੈੱਡਕੁਆਰਟਰ ’ਤੇ ਵੀ ਕਬਜ਼ਾ ਕਰ ਲਿਆ ਹੈ।

ਸੂਡਾਨ ਦੇ ਸੂਚਨਾ ਮੰਤਰਾਲੇ ਨੇ ਆਪਣੇ ਫ਼ੇਸਬੁੱਕ ਪੇਜ ’ਤੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫ਼ੌਜ ਨੇ ਇਕ ਕਰਮਚਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ ਸੂਡਾਨ ਦੇ ਪ੍ਰਧਾਨ ਮੰਤਰੀ ਦੇ ਇੱਕ ਸਲਾਹਕਾਰ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ ਅਮਰੀਕੀ ਵਿਸ਼ੇਸ਼ ਪ੍ਰਤੀਨਿਧੀ ਦੀ ਮੌਜੂਦਗੀ ਵਿਚ ਸੱਤਾਧਾਰੀ ਕੌਂਸਲ ਨਾਲ ਸਮਝੌਤੇ ਤੋਂ ਬਾਅਦ ਹੀ ਤਖ਼ਤਾ ਪਲਟਿਆ ਹੈ।

ਇਹ ਵੀ ਪੜ੍ਹੋ :  ਪਾਕਿਸਤਾਨ ਦੀ ਜਿੱਤ 'ਤੇ ਦੇਸ਼ 'ਚ ਪਟਾਕੇ ਚਲਾਏ ਗਏ, ਫਿਰ ਦੀਵਾਲੀ 'ਤੇ ਚਲਾਉਣ 'ਚ ਕੀ ਹਰਜ਼ ?:ਸਹਿਵਾਗ

ਦੇਸ਼ ਦੇ ਸੂਚਨਾ ਮੰਤਰਾਲੇ ਨੇ ਦੱਸਿਆ ਕਿ ਦੇਸ਼ ਇੱਕ ਪੂਰਨ ਫ਼ੌਜੀ ਤਖ਼ਤਾਪਲਟ ਦਾ ਸਾਹਮਣਾ ਕਰ ਰਿਹਾ ਹੈ। ਅਸੀਂ ਲੋਕਾਂ ਨੂੰ ਫ਼ੌਜੀ ਦਖ਼ਲਅੰਦਾਜ਼ੀ ਰੋਕਣ ਦੀ ਅਪੀਲ ਕਰਦੇ ਹਾਂ। ਅਮਰੀਕਾ ਨੇ ਕਿਹਾ ਹੈ ਕਿ ਉਹ ਸੁਡਾਨ ਵਿੱਚ ਤਖ਼ਤਾਪਲਟ ਦੀ ਖ਼ਬਰ ਤੋਂ ਡੂੰਘਾ ਚਿੰਤਤ ਹੈ।

ਦੱਸ ਦਈਏ ਕਿ ਦੋ ਸਾਲ ਪਹਿਲਾਂ, ਸੁਡਾਨ ਦੇ ਲੰਮੇ ਸਮੇਂ ਦੇ ਸ਼ਾਸਕ ਉਮਰ ਅਲ-ਬਸ਼ੀਰ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਇੱਕ ਅੰਤਰਿਮ ਸਰਕਾਰ ਲਾਗੂ ਹੋਈ ਸੀ। ਉਦੋਂ ਤੋਂ ਹੀ ਫ਼ੌਜ ਅਤੇ ਸਿਵਲੀਅਨ ਸਰਕਾਰ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਇਹ ਅਜੇ ਸਪਸ਼ਟ ਨਹੀਂ ਹੈ ਕਿ ਅਸਲ ਵਿਚ ਇਹ ਗ੍ਰਿਫ਼ਤਾਰੀਆਂ ਕਿਸ ਨੇ ਕਰਵਾਈਆਂ।ਗਵਾਹਾਂ ਨੇ ਕਿਹਾ ਕਿ ਰਾਜਧਾਨੀ ਖਾਰਟੂਮ ਵਿਚ ਇੰਟਰਨੈਟ ਬੰਦ ਸੀ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਜਾ ਰਹੇ ਸੰਦੇਸ਼ਾਂ ’ਚ ਗੁੱਸੇ ’ਚ ਆਈ ਭੀੜ ਸੜਕਾਂ ’ਤੇ ਟਾਇਰ ਸਾੜਦੀ ਦਿਖਾਈ ਦੇ ਰਹੀ ਹੈ।