ਸਰਹੱਦੀ ਵਿਵਾਦ ਦਾ ਹੱਲ ਕੱਢਣ ਲਈ ਕੋਸ਼ਿਸ਼ਾਂ ਚ ਤੇਜ਼ੀ ਲਿਆਉਣਗੇ ਭਾਰਤ ਅਤੇ ਚੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋਹਾਂ ਦੇਸ਼ਾਂ ਨੇ ਗੱਲਬਾਤ ਰਾਹੀ ਸਾਰੇ ਵਿਵਾਦਤ ਮੁੱਦਿਆਂ ਦਾ ਹੱਲ ਕੱਢਣ ਲਈ ਆਪਸੀ ਸਹਿਮਤੀ ਪ੍ਰਗਟ ਕੀਤੀ।

Chinese State Councillor Yang Jiechi with National Security Advisor Ajit Doval

ਨਵੀਂ ਦਿੱਲੀ,  ( ਪੀਟੀਆਈ ) : ਭਾਰਤ ਅਤੇ ਚੀਨ ਵੱਲੋਂ ਸਰਹੱਦੀ ਵਿਵਾਦ ਨਾਲ ਸਬੰਧਤ ਮੁੱਦਿਆਂ ਲਈ ਆਪਸੀ ਸਵੀਕਾਰ ਕਰਨਯੋਗ ਹੱਲ ਲੱਭਣ ਲਈ ਯਤਨ ਕੀਤੇ ਜਾਣਗੇ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਭਾਰਤ-ਚੀਨ ਸਰਹੱਦੀ ਗੱਲਬਾਤ ਦੀ 21ਵੇਂ ਗੇੜ ਦੀ ਬੈਠਕ ਵਿਚ ਹਿੱਸਾ ਲਿਆ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਸਰਹੱਦੀ ਵਿਵਾਦ ਨਾਲ ਜੁੜੇ ਵਿਸ਼ਿਆਂ ਤੇ ਵਿਸਤਾਰ ਨਾਲ ਗੱਲਬਾਤ ਹੋਈ। ਦੋਹਾਂ ਦੇਸ਼ਾਂ ਨੇ ਇਸ ਗੱਲ ਦਾ ਫੈਸਲਾ ਲਿਆ ਕਿ ਸਰਹੱਦੀ ਵਿਵਾਦ ਨਾਲ ਜੁੜੇ ਮੁੱਦਿਆਂ ਦਾ ਦੁਵੱਲੀ ਗੱਲਬਾਤ ਰਾਹੀ ਹੱਲ ਕੱਢਿਆ ਜਾਵੇਗਾ

ਅਤੇ ਇਸ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਸਿਚੁਆਨ ਰਾਜ ਦੇ ਡੁਜਿਆਂਗ ਸ਼ਹਿਰ ਵਿਖੇ ਹੋਈ ਉੱਚ ਪੱਧਰੀ ਗੱਲਬਾਤ ਵਿਚ ਡੋਭਾਲ ਨੇ ਭਾਰਤ ਅਤੇ ਚੀਨੀ ਸਟੇਟ ਕਾਉਂਸਲਰ ਵਾਂਗ ਯੀ ਨੇ ਚੀਨ ਦੀ ਨੁਮਾਇੰਦਗੀ ਕੀਤੀ। ਬੈਠਕ ਵਿਚ ਡੋਭਾਲ ਅਤੇ ਵਾਂਗ ਨੇ ਸਰਹੱਦੀ ਵਿਵਾਦ ਨਾਲ ਸਬੰਧਤ ਵਿਸ਼ਿਆਂ ਤੇ ਗੱਲਬਾਤ ਦੇ ਨਾਲ ਹੀ ਵੁਹਾਨ ਕਾਨਫਰੰਸ ਤੋਂ ਬਾਅਦ ਆਪਸੀ ਦੁਵੱਲੇ ਸਬੰਧਾਂ ਵਿਚ ਹੋਏ ਵਿਕਾਸ ਦੀ ਵੀ ਸਮੀਖਿਆ ਕੀਤੀ। ਦੋਹਾਂ ਦੇਸ਼ਾਂ ਨੇ ਗੱਲਬਾਤ ਰਾਹੀ ਸਾਰੇ ਵਿਵਾਦਤ ਮੁੱਦਿਆਂ ਦਾ ਹੱਲ ਕੱਢਣ ਲਈ ਆਪਸੀ ਸਹਿਮਤੀ ਪ੍ਰਗਟ ਕੀਤੀ।

ਭਾਰਤ ਅਤੇ ਚੀਨ ਨੇ ਸਰਹੱਦ 'ਤੇ ਸ਼ਾਂਤੀ ਬਣਾਏ ਰੱਖਣ ਲਈ ਅਪਣੀ ਵੱਚਨਬੱਧਤਾ ਪ੍ਰਗਟ ਕੀਤੀ। ਦੋਹਾਂ ਦੇਸ਼ਾਂ ਨੇ ਕਿਹਾ ਕਿ ਵਿਵਾਦ ਦਾ ਅਸਰ ਦੁਵੱਲੇ ਸਬੰਧਾਂ ਤੇ ਨਹੀਂ ਪੈਣਾ ਚਾਹੀਦਾ। ਬੀਜਿੰਗ ਵਿਖੇ ਭਾਰਤੀ ਦੂਤਘਰ ਵੱਲੋਂ ਜਾਰੀ ਬਿਆਨ ਮੁਤਾਬਕ ਡੋਭਾਲ ਅਤੇ ਚੀਨੀ ਸਟੇਟ ਕਾਉਂਸਲਰ ਵਿਚਕਾਰ ਗੱਲਬਾਤ ਅਰਥਪੂਰਨ ਰਹੀ ਹੈ। ਇਸ ਉੱਚ ਪੱਧਰੀ ਗੱਲਬਾਤ ਤੋਂ ਚਾਰ ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਦੇ ਆਪਸੀ ਸੰਬਧਾਂ ਵਿਚ ਮਜ਼ਬੂਤੀ ਆਈ ਹੈ।

ਦੋਹਾਂ ਗੁਆਂਢੀ ਦੇਸ਼ਾਂ ਨੇ ਅਪਣੇ ਮਤਭੇਦਾਂ ਨੂੰ ਗੱਲਬਾਤ ਰਾਹੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਹੀ ਨਹੀਂ ਸਗੋਂ ਸਾਰੇ ਖੇਤਰਾਂ ਵਿਚ ਆਪਸੀ ਸਹਿਯੋਗ ਦਾ ਵੀ ਵਾਧਾ ਹੋਇਆ ਹੈ। ਭਾਰਤ ਅਤੇ ਚੀਨ ਵਿਚਕਾਰ 3488 ਕਿਲੋ ਮੀਟਰ ਲੰਮੀ ਸਰਹੱਦ ਨੂੰ ਲੈ ਕੇ ਵਿਵਾਦ ਹੈ। ਇਥੋ ਤੱਕ ਕਿ ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਦੱਸਦਾ ਰਿਹਾ ਹੈ। ਜਦਕਿ ਭਾਰਤ ਉਸ ਦੇ ਇਸ ਦਾਅਵੇ ਨੂੰ ਖਾਰਜ ਕਰਦਾ ਰਿਹਾ ਹੈ। ਇਸੇ ਕਾਰਨ ਚੀਨ ਅਰੁਣਾਚਲ ਵਿਚ ਕਿਸੇ ਵੀ ਸੀਨੀਅਰ ਭਾਰਤੀ ਨੇਤਾ ਦੇ ਦੌਰੇ 'ਤੇ ਅਪਣਾ ਵਿਰੋਧ ਜਤਾਉਂਦਾ ਹੈ।