ਭਾਰਤੀ-ਅਮਰੀਕੀਆਂ 'ਤੇ ਧੋਖਾਧੜੀ, ਸਾਜ਼ਿਸ਼ ਦੇ ਦੋਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਵੀਜ਼ਾ ਤੇ ਸਿਹਤ ਸੰਬੰਧੀ ਧੋਖਾਧੜੀ ਅਤੇ ਟੈਕਸ ਚੋਰੀ ਤੇ ਮਨੀ ਲਾਂਡਰਿੰਗ 'ਚ ਸ਼ਮੂਲੀਅਤ 

Representational Image

 

ਵਾਸ਼ਿੰਗਟਨ - ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿੱਚ ਦੰਦਾਂ ਦੇ ਇਲਾਜ ਅਤੇ ਇਸ ਨਾਲ ਸੰਬੰਧਿਤ ਕਾਰੋਬਾਰਾਂ ਦੇ ਇੱਕ ਬਹੁ-ਰਾਜੀ ਨੈਟਵਰਕ ਰਾਹੀਂ ਇੱਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਨੌਂ ਭਾਰਤੀ-ਅਮਰੀਕੀਆਂ ਅਤੇ ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਇਨ੍ਹਾਂ 12 ਵਿਅਕਤੀਆਂ ਨੇ ਦੰਦਾਂ ਦੇ ਇਲਾਜ ਅਤੇ ਇਸ ਨਾਲ ਸੰਬੰਧਿਤ ਕੰਪਨੀਆਂ (ਸਵਾਨੀ ਗਰੁੱਪ) ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਚਲਾਇਆ ਜੋ ਵੀਜ਼ਾ ਧੋਖਾਧੜੀ, ਸਿਹਤ ਸੰਭਾਲ ਧੋਖਾਧੜੀ, ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਸਨ।

ਅਮਰੀਕੀ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ਉਨ੍ਹਾਂ ਵਿੱਚੋਂ 6 ਜਣਿਆਂ 'ਤੇ ਸਵਾਨੀ ਗਰੁੱਪ 'ਚ ਉਨ੍ਹਾਂ ਦੀ ਭੂਮਿਕਾ ਦੇ ਆਧਾਰ 'ਤੇ 'ਠੱਗੀ ਤੋਂ ਪ੍ਰਭਾਵਿਤ ਭ੍ਰਿਸ਼ਟ ਸੰਗਠਨ' ਦੀ ਸਾਜ਼ਿਸ਼ ਦਾ ਹਿੱਸਾ ਹੋਣ ਦਾ ਦੋਸ਼ ਲਗਾਇਆ ਗਿਆ ਹੈ, ਅਤੇ ਤਿੰਨ ਹੋਰਾਂ 'ਤੇ ਨਿਆਂ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ।

ਪੈਨਸਿਲਵੇਨੀਆ ਵਾਸੀ 57 ਸਾਲਾ ਭਾਸਕਰ ਸਵਾਨੀ, ਅਤੇ 51 ਸਾਲਾ ਨਿਰੰਜਨ ਸਵਾਨੀ 'ਸਵਾਨੀ ਗਰੁੱਪ' ਦਾ ਸੰਚਾਲਨ ਕਰਦੇ ਹਨ। ਉਹ ਦੋਵੇਂ ਲਾਇਸੰਸਸ਼ੁਦਾ ਦੰਦਾਂ ਦੇ ਡਾਕਟਰ ਹਨ।

ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ 55 ਸਾਲਾ ਅਰੁਣ ਸਵਾਨੀ 'ਸਵਾਨੀ ਗਰੁੱਪ' ਦੀ ਕੰਪਨੀਆਂ ਦਾ ਮਾਲਕ ਹੈ ਅਤੇ ਉਸ ਦੇ ਪ੍ਰਬੰਧਨ ਅਤੇ ਵਿੱਤੀ ਮਾਮਲਿਆਂ ਲਈ ਜ਼ਿੰਮੇਵਾਰ ਸੀ। 

ਤਿੰਨ ਭਰਾਵਾਂ - ਭਾਸਕਰ, ਨਿਰੰਜਨ ਅਤੇ ਅਰੁਣ ਨੇ ਅਮਰੀਕੀ ਵਰਕ ਵੀਜ਼ਾ ਲਈ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੀ ਸਾਜ਼ਿਸ਼ ਰਚੀ ਅਤੇ ਕਥਿਤ ਤੌਰ 'ਤੇ ਕਾਮਿਆਂ ਦੀਆਂ ਨੌਕਰੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਸੱਚੀ ਜਾਣਕਾਰੀ ਲੁਕੋਈ।

ਤਿੰਨਾਂ ਨੇ 20 ਜਨਵਰੀ ਨੂੰ ਅਦਾਲਤ ਵਿੱਚ ਆਪਣੀ ਪਹਿਲੀ ਪੇਸ਼ੀ ਦਿੱਤੀ ਸੀ। ਮੁਲਜ਼ਮ ਸੁਨੀਲ ਫ਼ਿਲਿਪ (57) ਸਵਾਨੀ ਗਰੁੱਪ ਦਾ ਲੇਖਾਕਾਰ ਅਤੇ ਭਾਸਕਰ, ਅਰੁਣ ਅਤੇ ਨਿਰੰਜਨ ਦਾ ਨਿੱਜੀ ਲੇਖਾਕਾਰ ਹੈ। ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ ਫ਼ਿਲਿਪ ਨੇ ਭਾਸਕਰ, ਅਰੁਣ ਅਤੇ ਨਿਰੰਜਨ ਨਾਲ ਮਿਲ ਕੇ ਟੈਕਸ ਚੋਰੀ ਕਰਨ ਦੀ ਸਾਜ਼ਿਸ਼ ਰਚੀ ਸੀ।

ਇਨ੍ਹਾਂ ਤੋਂ ਇਲਾਵਾ ਅਮਨ ਢਿੱਲੋਂ (44), ਅਲੈਗਜ਼ੈਂਡਰਾ ਰੈਡੋਮਿਆਕ (45), ਜੌਨ ਜੂਲੀਅਨ (70), ਵਿਵੇਕ ਸਵਾਨੀ (35), ਭਰਤਕੁਮਾਰ ਪਰਸਾਨਾ (55), ਹਿਤੇਸ਼ ਕੁਮਾਰ ਗੋਯਾਨੀ (39) ਅਤੇ ਪਿਯੂਸ਼ਾ ਪਟੇਲ (41) ਅਤੇ ਸੂਜ਼ਨ ਮਾਲਾਪਾਰਟਿਡਾ (27) ਖ਼ਿਲਾਫ਼ ਵੀ ਦੋਸ਼ ਲਗਾਏ ਗਏ ਹਨ।