Air Strike : ਪਾਕਿ ਸੰਸਦ 'ਚ ਲੱਗੇ ਇਮਰਾਨ ਖ਼ਾਨ ਮੁਰਦਾਬਾਦ ਦੇ ਨਾਹਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸਲਾਮਾਬਾਦ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਭਾਰਤੀ ਹਵਾਈ ਫ਼ੌਜ ਨੇ ਸਰਜਿਕਲ ਸਟ੍ਰਾਈਕ ਕੀਤੀ ਹੈ...

Imran Khan - File Pic

ਇਸਲਾਮਾਬਾਦ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਭਾਰਤੀ ਹਵਾਈ ਫ਼ੌਜ ਨੇ ਸਰਜੀਕਲ ਸਟ੍ਰਾਈਕ ਕੀਤੀ ਹੈ। ਭਾਰਤ ਦੀ ਇਸ ਏਅਰ ਸਟ੍ਰਾਈਕ ਕਾਰਨ ਪਾਕਿਸਤਾਨ 'ਚ ਤਰਥੱਲੀ ਮੱਚ ਗਈ ਹੈ। ਪਾਕਿਸਤਾਨ ਦੀ ਸੰਸਦ 'ਚ ਜ਼ੋਰਦਾਰ ਹੰਗਾਮਾ ਹੋਇਆ ਅਤੇ ਇਮਰਾਨ ਖ਼ਾਨ ਮੁਰਦਾਬਾਦ ਦੇ ਨਾਹਰੇ ਲੱਗੇ। ਇਮਰਾਨ ਨੂੰ 'ਸ਼ੇਮ-ਸ਼ੇਮ' ਕਹਿ ਕੇ ਬੇਇੱਜਤੀ ਕੀਤੀ ਗਈ।
ਵਿਰੋਧੀ ਧਿਰ ਦੇ ਆਗੂਆਂ ਨੇ ਸੰਯੁਕਤ ਸੰਸਦੀ ਸੈਸ਼ਨ ਦੀ ਮੰਗ ਕੀਤੀ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸੀਨੀਅਰ ਆਗੂ ਖੁਰਸ਼ੀਦ ਸ਼ਾਹ ਨੇ ਕਿਹਾ ਕਿ ਸੰਯੁਕਤ ਸੰਸਦੀ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ। ਸ਼ਾਹ ਨੇ ਕਿਹਾ ਕਿ ਦੇਸ਼ ਅੰਦਰ ਜੰਗ ਵਰਗਾ ਮਾਹੌਲ ਹੈ। ਸੰਸਦ ਨੂੰ ਇਕੱਠੇ ਬੈਠ ਕੇ ਫ਼ੈਸਲਾ ਕਰਨਾ ਚਾਹੀਦਾ ਹੈ।
ਸ਼ਾਹ ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਅੰਦਰੂਨੀ ਮਤਭੇਦਾਂ ਦਾ ਫ਼ਾਇਦਾ ਲੈਣਾ ਚਾਹੁੰਦਾ ਹੈ ਅਤੇ ਪਾਕਿਸਤਾਨ 'ਤੇ ਹਮਲਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ, "ਸਾਨੂੰ ਭਾਰਤ ਅਤੇ ਦੁਨੀਆਂ ਨੂੰ ਵਿਖਾਉਣਾ ਹੋਵੇਗਾ ਕਿ ਪੂਰਾ ਦੇਸ਼ ਇੱਕਜੁਟ ਹੈ।"

ਪਾਕਿ ਨੇ ਬੁਲਾਈ ਐਮਰਜੈਂਸੀ ਮੀਟਿੰਗ : ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਐਲ.ਓ.ਸੀ. ਪਾਰ ਜਾ ਕੇ ਅੱਤਵਾਦੀ ਅੱਡਿਆਂ ਉਤੇ ਮੰਗਲਵਾਰ ਨੂੰ ਹੋਈ ਕਾਰਵਾਈ ਸਵੀਕਾਰ ਕੀਤੀ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ 'ਤੇ ਵਿਚਾਰ ਚਰਚਾ ਕਰਨ ਲਈ ਇਕ ਮੀਟਿੰਗ ਬੁਲਾਈ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵਿਦੇਸ਼ ਮੰਤਰਾਲੇ ਵਿਚ ਮੰਗਲਵਾਰ ਨੂੰ ਐਮਰਜੈਂਸੀ ਸਲਾਹ ਮਸ਼ਵਰਾ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੂੰ ਆਤਮ ਰੱਖਿਆ ਕਰਨ ਦਾ ਅਧਿਕਾਰ ਹੈ ਅਤੇ ਉਹ ਭਾਰਤ ਦੀ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਵੇਗਾ। ਮਹਿਮੂਦ ਕੁਰੈਸ਼ੀ ਨੇ ਕਿਹਾ, "ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੀ ਹੋ ਸਕਦਾ ਹੈ। ਭਾਰਤ ਨੇ ਅੱਜ ਪਾਕਿਸਤਾਨ ਦੇ ਵਿਰੁੱਧ ਕਾਰਵਾਈ ਕੀਤੀ ਹੈ। ਭਾਰਤ ਨੇ ਕੰਟਰੋਲ ਰੇਖਾ ਦੀ ਉਲੰਘਣਾ ਕੀਤੀ ਹੈ ਅਤੇ ਪਾਕਿਸਤਾਨ ਨੂੰ ਇਹ ਅਧਿਕਾਰ ਹੈ ਕਿ ਉਹ ਆਤਮ ਰੱਖਿਆ ਲਈ ਇਸ ਦਾ ਮਾਕੂਲ ਜਵਾਬ ਦੇਵੇ।"