104 ਸਾਲਾ ਬਜ਼ੁਰਗ ਔਰਤ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੇਅਰ ਹੋਮ 'ਚ ਰਹਿਣ ਵਾਲੀ ਬਜ਼ੁਰਗ ਨੇ ਜ਼ਾਹਰ ਕੀਤੀ ਸੀ ਇੱਛਾ

The 104-year-old elderly woman was arrested by the police

ਇੰਗਲੈਂਡ- ਇੰਗਲੈਂਡ ਦੀ ਰਹਿਣ ਵਾਲੀ ਇਕ 104 ਸਾਲਾਂ ਦੀ ਬਜ਼ੁਰਗ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਡੱਕ ਦਿਤਾ ਹੈ। ਤੁਸੀਂ ਇਹ ਸੋਚ ਕੇ ਹੈਰਾਨ ਹੋਵੋਗੇ ਕਿ ਆਖ਼ਰ ਇੰਨੀ ਉਮਰ ਵਿਚ ਇਸ ਬਜ਼ੁਰਗ ਔਰਤ ਨੇ ਅਜਿਹਾ ਕੀ ਜ਼ੁਰਮ ਕਰ ਦਿਤਾ, ਜਿਸ 'ਤੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਦਰਅਸਲ ਇਹ ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਇੰਗਲੈਂਡ ਦੇ ਇਕ ਕੇਅਰ ਹੋਮ ਵਿਚ ਰਹਿਣ ਵਾਲੀ 104 ਸਾਲਾਂ ਦੀ ਬਜ਼ੁਰਗ ਔਰਤ ਐਨੀ ਬ੍ਰੋਕਨਬ੍ਰੋ ਤੋਂ ਦਿ ਬ੍ਰਿਸਟਲ ਵਿਸ਼ਿੰਗ ਵਾਸ਼ਿੰਗ ਲਾਈਨ ਨੇ ਇਕ ਫਾਰਮ ਭਰਵਾ ਕੇ ਉਨ੍ਹਾਂ ਦੀਆਂ ਇੱਛਾਵਾਂ ਪੁੱਛੀਆਂ ਸਨ।

ਇਸ ਫਾਰਮ ਵਿਚ ਬਜ਼ੁਰਗ ਔਰਤ ਨੇ ਲਿਖਿਆ ਕਿ ਮੈਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੈਂ 104 ਸਾਲਾਂ ਦੀ ਹਾਂ ਅਤੇ ਮੈਂ ਕਦੇ ਵੀ ਕਾਨੂੰਨ ਨਹੀਂ ਤੋੜਿਆ ਪਰ ਮੇਰਾ ਸੁਪਨਾ ਜੇਲ੍ਹ ਜਾਣ ਦਾ ਹੈ। ਜਿਸ ਨੂੰ ਪੂਰਾ ਕੀਤਾ ਜਾਵੇ। 104 ਸਾਲਾ ਬਜ਼ੁਰਗ ਔਰਤ ਦੀ ਇਸ ਇੱਛਾ ਨੂੰ ਜਾਣ ਪੁਲਿਸ ਟੀਮ ਨੇ ਟਵਿੱਟਰ 'ਤੇ ਰਿਪਲਾਈ ਦਿਤਾ ਅਤੇ ਕਿਹਾ ਕਿ ਸਾਨੂੰ ਬ੍ਰਿਸਟਲ ਵਿਸ਼ਿੰਗ ਵਾਸ਼ਿੰਗ ਲਾਈਨ ਦਾ ਇਹ ਆਈਡੀਆ ਬਹੁਤ ਪਸੰਦ ਆਇਆ।

ਅਸੀਂ ਜਲਦ ਹੀ ਬਜ਼ੁਰਗ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਭੇਜ ਰਹੇ ਹਾਂ। ਇਸ ਤੋਂ ਬਾਅਦ ਪੁਲਿਸ ਨੇ 104 ਸਾਲਾ ਐਨੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿਤਾ। ਪੁਲਿਸ ਨੇ ਇਹ ਕਾਰਵਾਈ ਪਿਛਲੇ ਦਿਨੀਂ ਇੰਟਰਨੈਸ਼ਨਲ ਹੈਪੀਨੈੱਸ ਡੇ ਦੇ ਦਿਨ ਕੀਤੀ। ਅਪਣੀ ਇੱਛਾ ਪੂਰੀ ਹੋਣ ਤੋਂ 104 ਸਾਲਾ ਐਨੀ ਨੂੰ ਆਪਣੀ ਗ੍ਰਿਫ਼ਤਾਰੀ ਦਾ ਦਿਨ ਬੇਹੱਦ ਪਸੰਦ ਆਇਆ।