ਭਾਰਤੀ ਮੂਲ ਦੇ ਸਾਬਕਾ ਮੰਤਰੀ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਸ਼ੁਰੂ ਕੀਤੀ ਮੁਹਿੰਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਥਰਮਨ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਵਿਸ਼ਵ ਵਿਚ ‘ਚਮਕਦੇ ਸਿਤਾਰੇ’ ਵਜੋਂ ਕਾਇਮ ਰੱਖਣ ਦਾ ਸੰਕਲਪ ਲਿਆ

photo

 

ਸਿੰਗਾਪੁਰ : ਭਾਰਤੀ ਮੂਲ ਦੇ ਸਾਬਕਾ ਮੰਤਰੀ ਥਰਮਨ ਸ਼ਨਮੁਗਰਤਨਮ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਚ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਅਪਣੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ।

ਇਸ ਮੌਕੇ ਥਰਮਨ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਵਿਸ਼ਵ ਵਿਚ ‘ਚਮਕਦੇ ਸਿਤਾਰੇ’ ਵਜੋਂ ਕਾਇਮ ਰੱਖਣ ਦਾ ਸੰਕਲਪ ਲਿਆ।

ਕਰੀਬ ਇੱਕ ਮਹੀਨਾ ਪਹਿਲਾਂ ਥਰਮਨ (66) ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਰਾਸ਼ਟਰਪਤੀ ਦੀ ਦੌੜ ਵਿਚ ਸ਼ਾਮਲ ਨਾ ਹੋਣ ਦੀ ਗੱਲ ਕਹੀ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਅਪਣੀ ਰਸਮੀ ਮੁਹਿੰਮ ਸ਼ੁਰੂ ਕਰ ਦਿਤੀ ਹੈ।

ਥਰਮਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਮੈਂ ਇਸ ਦੌੜ ਵਿਚ ਸ਼ਾਮਲ ਹੋਇਆ ਕਿਉਂਕਿ ਮੈਂ ਸਿੰਗਾਪੁਰ ਦੇ ਸੱਭਿਆਚਾਰ, ਸਾਡੀਆਂ ਕੁਝ ਕਦਰਾਂ-ਕੀਮਤਾਂ ਅਤੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ ਦੇ ਤਰੀਕੇ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਨੂੰ ਬਹੁਤ ਮਜ਼ਬੂਤੀ ਨਾਲ ਮਹਿਸੂਸ ਕਰਦਾ ਹਾਂ। ਤਾਂਕਿ ਅਸੀਂ ਦੁਨੀਆਂ ਵਿਚ ਇੱਕ ਚਮਕਦਾ ਸਿਤਾਰਾ ਬਣੀਏ। 

ਰਾਸ਼ਟਰਪਤੀ ਦੀ ਚੋਣ ਇਸ ਸਾਲ ਸਤੰਬਰ ਵਿਚ ਹੋਣੀ ਹੈ ਕਿਉਂਕਿ ਰਾਸ਼ਟਰਪਤੀ ਹਲੀਮਾ ਯਾਕੂਬ ਦਾ ਛੇ ਸਾਲ ਦਾ ਕਾਰਜਕਾਲ 13 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ।

ਆਪਣੀ ਪਤਨੀ ਜੇਨ ਯੂਮੀਕੋ ਇਟੋਗੀ ਦੇ ਨਾਲ ਮੌਜੂਦ ਥਰਮਨ ਨੇ ਵਿਸ਼ਵ ਪੱਧਰ ਅਤੇ ਘਰੇਲੂ ਤੌਰ 'ਤੇ ਸਿੰਗਾਪੁਰ ਦੇ ਸਾਹਮਣੇ ਆਉਣ ਵਾਲੀਆਂ ਦਰਪੇਸ਼ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ।

ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਦੇਸ਼ ਦੇ ਸਾਹਮਣੇ ਅਸਲ ਚੁਣੌਤੀ ਸਮਾਜ ਵਿਚ ਵੰਡੀਆਂ ਨੂੰ ਰੋਕਣਾ ਹੈ।

ਸੀਨੀਅਰ ਆਗੂ ਥਰਮਨ ਨੇ ਕਿਹਾ ਕਿ ਰਾਜਨੀਤੀ ਵਿਚ 22 ਸਾਲਾਂ ਦੇ ਤਜ਼ਰਬੇ ਦੇ ਨਾਲ ਉਹ ਲੋਕਾਂ ਨੂੰ ਇਕਜੁਟ ਰੱਖਣ ਵਿਚ ਪੂਰੀ ਤਰ੍ਹਾਂ ਸਮਰੱਥ ਹਨ, ਜੋ ਰਾਸ਼ਟਰਪਤੀ ਦੀ ਇਕ ਅਹਿਮ ਭੂਮਿਕਾ ਹਨ। 

ਸਾਲ 2001 ਵਿਚ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਥਰਮਨ ਇਕ ਅਰਥਸ਼ਾਸਤਰੀ ਅਤੇ ਸਿੰਗਾਪੁਰ ਦੇ ਮੁਦਰਾ ਅਥਾਰਟੀ ਲੋਕ ਸੇਵਕ ਸਨ।

ਉਹ ਨੇ ਸਿੱਖਿਆ ਅਤੇ ਵਿੱਤ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ ਅਤੇ ਉਹ 2011 ਤੋਂ 2019 ਤੱਕ ਦੇਸ਼ ਦੇ ਉਪ ਪ੍ਰਧਾਨ ਮੰਤਰੀ ਰਹੇ ਹਨ। ਥਰਮਨ ਨੇ ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਆਰਥਿਕ ਫੋਰਮ ਅਤੇ ਸੰਯੁਕਤ ਰਾਸ਼ਟਰ ਸਮੇਤ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵਿਚ ਵੀ ਪ੍ਰਮੁੱਖ ਅਹੁਦਿਆਂ 'ਤੇ ਕੰਮ ਕੀਤਾ ਹੈ।