ਪਾਕਿ ਸਿੱਖ ਗੁ: ਪ੍ਰ: ਕਮੇਟੀ ਵਲੋਂ ਜੋਤੀ ਜੋਤ ਗੁਰਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ!

ਏਜੰਸੀ

ਖ਼ਬਰਾਂ, ਕੌਮਾਂਤਰੀ

20 ਤੋਂ 22 ਸਤੰਬਰ 2020 ਤਕ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਜਾ ਰਿਹੈ ਜੋਤੀ ਜੋਤ ਸਮਾਉਣ ਗੁਰਪੁਰਬ

Kartarpur Corridor

ਲਾਹੌਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੀ ਲਾਹੌਰ ਵਿਖੇ ਹੋਈ ਮੀਟਿੰਗ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਹ ਗੁਰਪੁਰਬ ਇਸ ਵਾਰ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ 22 ਸਤੰਬਰ 2020 ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਮਾਗਮ 20 ਸਤੰਬਰ ਤੋਂ ਲੈ ਕੇ 22 ਸਤੰਬਰ 2020 ਤਕ ਕਰਵਾਏ ਜਾ ਰਹੇ ਹਨ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਭਾਰਤ ਸਰਕਾਰ ਨੂੰ ਇਸ ਅਵਸਰ 'ਤੇ ਕਰਤਾਰਪੁਰ ਲਾਘੇ ਨੂੰ ਸੰਗਤਾਂ ਲਈ ਮੁੜ ਖੋਲ੍ਹੇ ਜਾਣ ਦੀ ਅਪੀਲ ਵੀ ਕੀਤੀ।  ਮੀਟਿੰਗ ਦੌਰਾਨ ਕਮੇਟੀ ਪ੍ਰਧਾਨ ਸਤਵੰਤ ਸਿੰਘ ਅਤੇ ਮੈਂਬਰ ਅਮੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿ ਸਰਕਾਰ ਦੀ ਮੱਦਦ ਨਾਲ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਗੁਰਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਭਾਵੇਂ ਇਸ ਵਾਰ ਵਿਦੇਸ਼ਾਂ ਤੋਂ ਸੰਗਤਾਂ ਕਰਤਾਰਪੁਰ ਸਾਹਿਬ ਵਿਖੇ ਨਮਸਤਕ ਨਹੀਂ ਹੋ ਸਕਣਗੀਆਂ ਪਰ ਸਾਡੀ ਦਿਲੀ ਖਵਾਇਸ਼ ਹੈ ਕਿ ਭਾਰਤ ਦੀਆਂ ਸੰਗਤਾਂ ਇਸ ਗੁਰਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਸ਼ਮੂਲੀਅਤ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਇਹ ਲਾਘਾ 73 ਸਾਲ ਦੀਆਂ ਅਰਦਾਸਾਂ ਉਪਰੰਤ ਖੁਲ੍ਹਿਆ ਸੀ। ਲਾਘਾ ਖੁਲ੍ਹਣ ਦੇ ਬਾਅਦ ਗੁਰੂ ਸਾਹਿਬ ਦਾ ਇਹ ਪਹਿਲਾ ਜੋਤੀ ਜੋਤ ਸਮਾਉਣ ਗੁਰਪੁਰਬ ਹੈ। ਇਸ ਲਈ ਇਸ ਲਾਘੇ ਨੂੰ ਮੁੜ ਖੋਲ੍ਹਣ ਦੀ ਸ਼ੁਰੂਆਤ ਵੀ ਪੁਰਬ ਮੌਕੇ ਕਰ ਦੇਣੀ ਚਾਹੀਦੀ ਹੈ ਤਾਂ ਜੋ ਸੰਗਤਾਂ ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਧਰਤੀ 'ਤੇ ਨਤਮਸਤਕ ਹੋ ਸਕਣ।

ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਸਮਾਗਮਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਖਾਸ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ 20 ਤੋਂ 22 ਸਤੰਬਰ ਤਕ ਹੋਣ ਵਾਲੇ ਸਮਾਗਮਾਂ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੂੰ ਵੀ ਕੀਰਤਨ 'ਚ ਹਾਜ਼ਰੀ ਲੁਆਉਣ ਲਈ ਭੇਜਿਆ ਜਾਵੇ।

ਇਸ ਤੋਂ ਇਲਾਵਾ ਰੋਜ਼ਾਨਾ 5 ਹਜ਼ਾਰ ਦੇ ਕਰੀਬ ਸੰਗਤਾਂ ਨੂੰ ਭੇਜਣ ਦੀ ਖੁਲ੍ਹ ਦਿਤੀ ਜਾਵੇ। ਸੰਗਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੀਐਸਜੀਪੀਸੀ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਮਨਾਏ ਜਾ ਰਹੇ ਪਹਿਲੇ ਜੋਤੀ ਜੋਤ ਗੁਰਪੁਰਬ ਵਿਚ ਸਿੱਖ ਯਾਤਰੀਆਂ ਨੂੰ ਸ਼ਮੂਲੀਅਤ ਕਰਨ ਦੀ ਆਗਿਆ ਜ਼ਰੂਰ ਦਿਤੀ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।