ਕੈਨੇਡਾ 'ਚ ਸੀਏਏ-ਐਨਆਰਸੀ ਵਿਰੁੱਧ ਰੋਸ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਗਣਤੰਤਰ ਦਿਵਸ ਮੌਕੇ ਵੱਡੀ ਗਿਣਤੀ ਲੋਕਾਂ ਵੱਲੋਂ ਸੀਏਏ ਦਾ ਵਿਰੋਧ

Canada

ਕੈਨੇਡਾ: ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨਾਗਰਿਕਤਾ ਸੋਧ ਕਾਨੂੰਨ ਯਾਨੀ ਸੀਏਏ, ਐਨਆਰਸੀ ਅਤੇ ਐਨਪੀਆਰ ਦਾ ਤਿੱਖਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਵਿਦੇਸ਼ੀ ਮੁਲਕਾਂ ਵਿਚ ਰਹਿੰਦੇ ਭਾਰਤੀਆਂ ਵੱਲੋਂ ਵੀ ਇਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਜਿੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ 26 ਜਨਵਰੀ ਮੌਕੇ ਸੀਏਏ, ਐਨਆਰਸੀ ਅਤੇ ਐਨਪੀਆਰ ਦਾ ਵਿਰੋਧ ਕੀਤਾ ਗਿਆ। ਭਾਵੇਂ ਕਿ ਮੋਦੀ ਸਰਕਾਰ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਾਫ਼ ਸ਼ਬਦਾਂ ਵਿਚ ਇਹ ਆਖਿਆ ਗਿਆ ਹੈ ਕਿ ਲੋਕ ਚਾਹੇ ਕਿੰਨਾ ਹੀ ਵਿਰੋਧ ਕਰੀ ਜਾਣ, ਸੀਏਏ ਕਦੇ ਵਾਪਸ ਨਹੀਂ ਹੋਵੇਗਾ, ਉਹ ਇਕ ਇੰਚ ਵੀ ਇਸ ਤੋਂ ਪਿੱਛੇ ਨਹੀਂ ਹੱਟਣਗੇ ਪਰ ਦੁਨੀਆ ਦੇਖ ਰਹੀ ਹੈ ਕਿ ਇਹ ਵਿਰੋਧ ਸਿਰਫ਼ ਭਾਰਤ ਤਕ ਹੀ ਸੀਮਤ ਨਹੀਂ ਬਲਕਿ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਰਹਿਣ ਵਾਲੇ ਭਾਰਤੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਅਮਰੀਕਾ ਵਿਚ ਵੀ ਇਸ ਦਾ ਕਾਫ਼ੀ ਵਿਰੋਧ ਦੇਖਣ ਨੂੰ ਮਿਲਿਆ ਸੀ ਅਤੇ ਕੈਨੇਡਾ ਵਿਚ ਵੀ ਕਾਫ਼ੀ ਸਮੇਂ ਤੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। 26 ਜਨਵਰੀ ਮੌਕੇ ਜਿੱਥੇ ਭਾਰਤ ਵਾਸੀਆਂ ਨੇ ਗਣਤੰਤਰ ਦਿਵਸ ਮਨਾਉਣਾ ਸੀ, ਉਥੇ ਵਿਦੇਸ਼ਾਂ ਵਿਚ ਜ਼ਿਆਦਾਤਰ ਲੋਕ ਇਸ ਦਿਨ ਸੀਏਏ, ਐਨਆਰਸੀ ਅਤੇ ਐਨਪੀਆਰ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ। ਇਸ ਤੋਂ ਪਹਿਲਾਂ ਵੀ ਦਸੰਬਰ ਮਹੀਨੇ ਵਿਚ ਕੈਨੇਡਾ ਦੇ ਵੈਨਕੂਵਰ, ਸਰੀ, ਕੈਲਗਰੀ ਅਤੇ ਟੋਰਾਂਟੋ ਵਿਚ ਸੀਏਏ ਅਤੇ ਐਨਆਰਸੀ ਦਾ ਵਿਰੋਧ ਕੀਤਾ ਗਿਆ ਸੀ।

ਹੁਣ ਫਿਰ ਟੋਰਾਂਟੋ ਵਿਚ ਭਾਰਤੀ ਵਪਾਰਕ ਦੂਤਾਵਾਸ ਦੇ ਬਾਹਰ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਨੂੰ ਮੋਦੀ ਸਰਕਾਰ ਦਾ ਕਾਲਾ ਕਾਨੂੰਨ ਕਰਾਰ ਦਿੱਤਾ। ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਿੱਖ ਨੇਤਾ ਜਗਮੀਤ ਸਿੰਘ ਨੇ ਵੀ ਸੀਏਏ ਦੇ ਖ਼ਿਲਾਫ਼ ਬਿਆਨ ਦਿੰਦਿਆਂ ਆਖਿਆ ਸੀ ਕਿ ਭਾਰਤ ਸਰਕਾਰ ਜਾਣਬੁੱਝ ਕੇ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਨਾਲ ਭੇਦਭਾਵ ਕਰ ਰਹੀ ਹੈ,  ਨਵਾਂ ਨਾਗਰਿਕਤਾ ਸੋਧ ਕਾਨੂੰਨ ਇਸ ਦੀ ਤਾਜ਼ਾ ਮਿਸਾਲ ਹੈ।

ਉਨ੍ਹਾਂ ਨੇ ਵੀ ਇਸ ਕਾਨੂੰਨ ਨੂੰ ਗਲਤ ਦੱਸਦਿਆਂ ਇਸ ਦੀ ਨਿੰਦਾ ਕੀਤੀ ਸੀ। ਉਨ੍ਹਾਂ ਇਹ ਵੀ ਆਖਿਆ ਸੀ ਕਿ ਸਰਕਾਰਾਂ ਨੂੰ ਨਫ਼ਰਤ ਨਹੀਂ ਫੈਲਾਉਣੀ ਚਾਹੀਦੀ ਬਲਕਿ ਲੋਕਾਂ ਨੂੰ ਇਕਜੁੱਟ ਕਰਨ ਦਾ ਕੰਮ ਕਰਨਾ ਚਾਹੀਦਾ ਹੈ। ਇਸ ਦੌਰਾਨ ਲੋਕਾਂ ਦੇ ਹੱਥਾਂ ਵਿਚ ਸੀਏਏ, ਐਨਆਰਸੀ ਅਤੇ ਐਨਪੀਆਰ ਵਿਰੋਧੀ ਤਖ਼ਤੀਆਂ ਅਤੇ ਬੈਨਰ ਫੜੇ ਹੋਏ ਸਨ।

ਲੋਕਾਂ ਵੱਲੋਂ ਇਸ ਕਾਨੂੰਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਜਦਕਿ ਉਨ੍ਹਾਂ ਵੱਲੋਂ ਸੰਵਿਧਾਨ ਬਚਾਉਣ ਦੇ ਨਾਅਰੇ ਵੀ ਲਗਾਏ ਗਏ। ਹੈਰਾਨੀ ਦੀ ਗੱਲ ਇਹ ਐ ਕਿ ਇੰਨਾ ਵਿਰੋਧ ਹੋਣ ਦੇ ਬਾਵਜੂਦ ਮੋਦੀ ਸਰਕਾਰ ਇਸ ਕਾਨੂੰਨ ਨੂੰ ਲੈ ਕੇ ਟੱਸ ਤੋਂ ਮੱਸ ਨਹੀਂ ਹੋ ਰਹੀ। ਦੇਖਣਾ ਹੋਵੇਗਾ ਕਿ ਲੋਕਾਂ ਦਾ ਇਹ ਵਿਰੋਧ ਕਿੰਨਾ ਚਿਰ ਜਾਰੀ ਰਹੇਗਾ ਅਤੇ ਮੋਦੀ ਸਰਕਾਰ 'ਤੇ ਇਸ ਦਾ ਕੀ ਅਸਰ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।