ਤੁਰਕੀ 'ਚ ਫਿਰ ਆਇਆ ਜ਼ਬਰਦਸਤ ਭੂਚਾਲ, ਰਿਕਟਰ ਪੈਮਾਨੇ 'ਤੇ 5.6 ਰਹੀ ਤੀਬਰਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਢਹਿ-ਢੇਰੀ ਹੋਈਆਂ ਕਈ ਇਮਾਰਤਾਂ

Magnitude 5.6 earthquake hits Turkey

 

ਅੰਕਾਰਾ: ਦੱਖਣੀ ਤੁਰਕੀ 'ਚ ਸੋਮਵਾਰ ਨੂੰ 5.6 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕੁਝ ਇਮਾਰਤਾਂ ਢਹਿ ਗਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਤਿੰਨ ਹਫ਼ਤੇ ਪਹਿਲਾਂ ਤੁਰਕੀ-ਸੀਰੀਆ ਖੇਤਰ ਵਿਚ ਇਕ ਜ਼ਬਰਦਸਤ ਭੂਚਾਲ ਨੇ ਬਹੁਤ ਤਬਾਹੀ ਮਚਾਈ ਸੀ। ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਸੋਮਵਾਰ ਨੂੰ ਆਏ ਭੂਚਾਲ ਦਾ ਕੇਂਦਰ ਮਾਲਤੀਆ ਸੂਬੇ ਦੇ ਯੇਸਿਲਰਟ ਸ਼ਹਿਰ ਵਿਚ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਸਿਹਤ ਮੰਤਰੀ ਨੇ ਐੱਚਆਈਵੀ/ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 11 ਜਾਗਰੂਕਤਾ ਵੈਨਾਂ ਨੂੰ ਕੀਤਾ ਰਵਾਨਾ

ਯੇਸਿਲਰਟ ਦੇ ਮੇਅਰ ਮਹਿਮੇਤ ਸਿਨਾਰ ਨੇ ਹੈਬਰਟੁਰਕ ਟੈਲੀਵਿਜ਼ਨ ਨੂੰ ਦੱਸਿਆ ਕਿ ਕਸਬੇ ਦੀਆਂ ਕੁਝ ਇਮਾਰਤਾਂ ਢਹਿ ਗਈਆਂ ਹਨ। ਮਾਲਤਿਆ ਤੁਰਕੀ ਦੇ ਉਹਨਾਂ 11 ਸੂਬਿਆਂ ਵਿਚੋਂ ਇਕ ਸੀ ਜੋ 7.8 ਤੀਬਰਤਾ ਦੇ ਭੂਚਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। 6 ਫਰਵਰੀ ਨੂੰ ਆਏ ਭੂਚਾਲ ਨੇ ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਦੇ ਕੁਝ ਹਿੱਸਿਆਂ ਵਿਚ ਤਬਾਹੀ ਮਚਾਈ। ਭੂਚਾਲ ਕਾਰਨ ਦੋਵਾਂ ਦੇਸ਼ਾਂ ਵਿਚ ਹੁਣ ਤੱਕ 48,000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਤੁਰਕੀ ਵਿਚ 173,000 ਇਮਾਰਤਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ: ਅਨੁਰਾਗ ਠਾਕੁਰ ਦਾ ਬਿਆਨ - ਮਨੀਸ਼ ਸਿਸੋਦੀਆ ਮੁਲਜ਼ਮ ਨੰਬਰ ਇਕ ਹੋ ਸਕਦੇ ਹਨ ਪਰ ਕਿੰਗਪਿਨ ਕੇਜਰੀਵਾਲ 

ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਏਐਫਏਡੀ ਨੇ ਕਿਹਾ ਕਿ 6 ਜਨਵਰੀ ਦੇ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਖੇਤਰ ਵਿਚ ਲਗਭਗ 10,000 ਝਟਕੇ ਆਏ ਹਨ। ਤੁਰਕੀ 'ਚ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਦੁਨੀਆ ਭਰ ਤੋਂ ਰਾਹਤ ਸਮੱਗਰੀ ਲੈ ਕੇ ਅੰਕਾਰਾ ਪਹੁੰਚਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਭਾਰਤ ਨੇ ਭੂਚਾਲ ਪ੍ਰਭਾਵਿਤ ਇਲਾਕਿਆਂ ਵਿਚ ਵੱਡੀ ਮਾਤਰਾ ਵਿਚ ਰਾਹਤ ਸਮੱਗਰੀ ਜਿਵੇਂ ਟੈਂਟ, ਦਵਾਈਆਂ ਆਦਿ ਵੀ ਭੇਜੀਆਂ ਹਨ।