ਜਦੋਂ ਖੁੱਲ੍ਹੀ ਹਵਾ 'ਚ ਸਾਹ ਲੈਣ ਲਈ ਮਹਿਲਾ ਨੇ ਖੋਲ੍ਹਿਆ ਜਹਾਜ਼ ਦਾ ਐਮਰਜੈਂਸੀ ਗੇਟ
ਜਹਾਜ਼ ਅੰਦਰ ਯਾਤਰੀਆਂ ਦੀਆਂ ਅਜੀਬੋ ਗਰੀਬ ਹਰਕਤਾਂ ਕੋਈ ਨਵੀਂ ਨਹੀਂ, ਪਿਛਲੇ ਸਮੇਂ 'ਚ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਬੀਜਿੰਗ : ਜਹਾਜ਼ ਅੰਦਰ ਯਾਤਰੀਆਂ ਦੀਆਂ ਅਜੀਬੋ ਗਰੀਬ ਹਰਕਤਾਂ ਕੋਈ ਨਵੀਂ ਨਹੀਂ, ਪਿਛਲੇ ਸਮੇਂ 'ਚ ਅਜਿਹੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।ਤਾਜ਼ਾ ਮਾਮਲਾ ਚੀਨ 'ਚ ਸਾਹਮਣੇ ਆਇਆ ਹੈ ਜਿਥੇ ਇੱਕ ਅਜੀਬੋ-ਗਰੀਬ ਮਾਮਲੇ ਨੇ ਸਾਰੇ ਯਾਤਰੀਆਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਦਰਅਸਲ ਇੱਕ ਮਹਿਲਾ ਨੇ ਖੁੱਲ੍ਹੀ ਹਵਾ 'ਚ ਸਾਹ ਲੈਣ ਲਈ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਦਿੱਤਾ।
ਮਹਿਲਾ ਦਾ ਕਹਿਣਾ ਸੀ ਕਿ ਉਸ ਦਾ ਸਾਹ ਘੁੱਟ ਰਿਹਾ ਸੀ ਅਤੇ ਤਾਜ਼ੀ ਹਵਾ ਲੈਣ ਲਈ ਉਸ ਨੇ ਅਜਿਹਾ ਕੀਤਾ। ਚੰਗੀ ਗੱਲ ਇਹ ਸੀ ਕਿ ਉਸ ਸਮੇਂ ਜਹਾਜ਼ ਨੇ ਉਡਾਣ ਨਹੀਂ ਭਰੀ ਸੀ। ਇਸ ਲਈ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਉਸ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ। ਜੀਆਮੇਨ ਏਅਰਲਾਈਨਜ਼ ਦੀ ਫਲਾਈਟ ਨੰਬਰ ਐੱਮ.ਐੱਫ. 8215 ਵੁਹਾਨ ਸ਼ਹਿਰ ਤੋਂ ਲੇਨਝਾਊ ਸ਼ਹਿਰ ਲਈ ਉਡਾਣ ਭਰਨ ਲਈ ਤਿਆਰ ਖੜ੍ਹੀ ਸੀ।
ਘਟਨਾ ਸਮੇਂ ਬੋਰਡਿੰਗ ਪ੍ਰਕਿਰਿਆ ਚੱਲ ਰਹੀ ਸੀ। ਇਸ ਘਟਨਾ ਦਾ ਵੀਡੀਓ ਮਹਿਲਾ ਕੋਲ ਬੈਠੇ ਇਕ ਯਾਤਰੀ ਨੇ ਆਪਣੇ ਮੋਬਾਈਲ ਵਿਚ ਰਿਕਾਰਡ ਕਰ ਲਿਆ। ਚਾਲਕ ਦਲ ਦੇ ਮੈਂਬਰ ਨੇ ਦੱਸਿਆ ਕਿ ਘਟਨਾ ਜਹਾਜ਼ ਦੇ ਆਖਰੀ ਸਿਰੇ ਵੱਲ ਵਾਪਰੀ, ਜਿੱਥੇ ਮਹਿਲਾ ਨੇ ਤਾਜ਼ੀ ਹਵਾ ਲੈਣ ਲਈ ਐਮਰਜੈਂਸੀ ਐਗਜ਼ਿਟ ਗੇਟ ਨੂੰ ਖੋਲ੍ਹ ਦਿੱਤਾ ਸੀ। ਇਸ ਕਾਰਨ ਜਹਾਜ਼ ਨੂੰ ਉਡਾਣ ਭਰਨ ਵਿਚ ਕਰੀਬ ਇਕ ਘੰਟੇ ਦੀ ਦੇਰੀ ਹੋ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ