ਚੀਨ ’ਚ ਜਨਮ ਦਰ ’ਚ ਗਿਰਾਵਟ ਕਾਰਨ ਹਜ਼ਾਰਾਂ ਕੇ.ਜੀ. ਸਕੂਲ ਬੰਦ ਹੋਏ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਲ 2023 ’ਚ ਚੀਨ ’ਚ ਸਿਰਫ 90 ਲੱਖ ਬੱਚਿਆਂ ਦਾ ਜਨਮ ਹੋਇਆ, ਜੋ 1949 ’ਚ ਰੀਕਾਰਡ ਸ਼ੁਰੂ ਹੋਣ ਤੋਂ ਬਾਅਦ ਸੱਭ ਤੋਂ ਘੱਟ ਹੈ

Representative Image.

ਬੀਜਿੰਗ : ਚੀਨ ’ਚ ਜਨਸੰਖਿਆ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਜਨਮ ਦਰ ਤੇ ਦਾਖਲੇ ’ਚ ਗਿਰਾਵਟ ਕਾਰਨ ਹਜ਼ਾਰਾਂ ਮਸ਼ਹੂਰ ਕਿੰਡਰਗਾਰਟਨ ਸਕੂਲ ਬੰਦ ਹੋ ਗਏ ਹਨ। ਇਕ ਅਧਿਕਾਰਤ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ। 

ਚੀਨ ਦੇ ਸਿੱਖਿਆ ਮੰਤਰਾਲੇ ਦੀ ਸਾਲਾਨਾ ਰੀਪੋਰਟ ਮੁਤਾਬਕ 2023 ’ਚ ਕਿੰਡਰਗਾਰਟਨ ਦੀ ਗਿਣਤੀ ’ਚ 14,808 ਦੀ ਕਮੀ ਆਈ ਹੈ ਅਤੇ ਇਹ ਘੱਟ ਕੇ 274,400 ਰਹਿ ਗਈ ਹੈ। ਚੀਨ ਦੀ ਜਨਮ ਦਰ ’ਚ ਗਿਰਾਵਟ ਦੇ ਤਾਜ਼ਾ ਸੂਚਕ ’ਚ ਇਹ ਲਗਾਤਾਰ ਦੂਜੀ ਸਾਲਾਨਾ ਗਿਰਾਵਟ ਹੈ। 

ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਮੰਤਰਾਲੇ ਦੀ ਇਕ ਰੀਪੋਰਟ ਦੇ ਹਵਾਲੇ ਨਾਲ ਐਤਵਾਰ ਨੂੰ ਦਸਿਆ ਕਿ ਕਿੰਡਰਗਾਰਟਨ ਵਿਚ ਦਾਖਲ ਕਿੰਡਰਗਾਰਟਨ ਬੱਚਿਆਂ ਦੀ ਗਿਣਤੀ ਵਿਚ ਲਗਾਤਾਰ ਤੀਜੇ ਸਾਲ ਗਿਰਾਵਟ ਆਈ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ 11.55 ਫੀ ਸਦੀ ਜਾਂ 53.5 ਲੱਖ ਘੱਟ ਕੇ 4.09 ਕਰੋੜ ਰਹਿ ਗਏ ਹਨ। 

ਪ੍ਰਾਇਮਰੀ ਸਕੂਲਾਂ ਦੀ ਗਿਣਤੀ ਵੀ 2023 ’ਚ 5,645 ਘਟ ਕੇ 143,500 ਰਹਿ ਗਈ ਹੈ ਜੋ ਕਿ 3.8 ਫ਼ੀ ਸਦੀ ਦੀ ਗਿਰਾਵਟ ਹੈ। 

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖਬਰ ਮੁਤਾਬਕ ਇਹ ਗਿਰਾਵਟ ਚੀਨ ਦੀ ਵਸੋਂ ਵਿਚ ਵਿਆਪਕ ਤਬਦੀਲੀ ਨੂੰ ਦਰਸਾਉਂਦੀ ਹੈ, ਜਿੱਥੇ ਜਨਮ ਦਰ ਅਤੇ ਕੁਲ ਆਬਾਦੀ ਦੋਹਾਂ ਵਿਚ ਗਿਰਾਵਟ ਜਾਰੀ ਹੈ। ਇਹ ਭਵਿੱਖ ਦੇ ਆਰਥਕ ਵਿਕਾਸ ਲਈ ਗੰਭੀਰ ਖਤਰਾ ਹੈ, ਜੋ ਪਹਿਲਾਂ ਹੀ ਹੌਲੀ ਹੋ ਰਿਹਾ ਹੈ। 

ਪਿਛਲੇ ਸਾਲ ਚੀਨ ਦੀ ਆਬਾਦੀ ਲਗਾਤਾਰ ਦੂਜੇ ਸਾਲ ਡਿੱਗ ਕੇ 1.4 ਅਰਬ ਰਹਿ ਗਈ, ਜੋ ਕਿ 20 ਲੱਖ ਤੋਂ ਜ਼ਿਆਦਾ ਦੀ ਗਿਰਾਵਟ ਹੈ। ਸਾਲ 2023 ’ਚ ਚੀਨ ’ਚ ਸਿਰਫ 90 ਲੱਖ ਬੱਚਿਆਂ ਦਾ ਜਨਮ ਹੋਇਆ, ਜੋ 1949 ’ਚ ਰੀਕਾਰਡ ਸ਼ੁਰੂ ਹੋਣ ਤੋਂ ਬਾਅਦ ਸੱਭ ਤੋਂ ਘੱਟ ਹੈ। 

ਜਨਮ ਦਰ ’ਚ ਗਿਰਾਵਟ ਦੇ ਨਤੀਜੇ ਵਜੋਂ ਚੀਨ ਨੇ ਪਿਛਲੇ ਸਾਲ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਜੋਂ ਅਪਣਾ ਦਰਜਾ ਗੁਆ ਦਿਤਾ ਸੀ। ਹੁਣ ਭਾਰਤ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। 

ਚੀਨ ਦੀ 60 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਆਬਾਦੀ 2023 ਦੇ ਅੰਤ ਤਕ 30 ਕਰੋੜ ਤਕ ਪਹੁੰਚ ਗਈ ਹੈ। ਇਹ ਗਿਣਤੀ 2035 ਤਕ 40 ਕਰੋੜ ਤੋਂ ਵੱਧ ਹੋ ਜਾਵੇਗੀ ਅਤੇ 2050 ਤਕ 50 ਕਰੋੜ ਤਕ ਪਹੁੰਚ ਜਾਵੇਗੀ।