ਕਰਤਾਰਪੁਰ ਲਾਂਘਾ ਮਾਮਲੇ 'ਚ ਭਾਰਤ ਤੋਂ ਦੋ ਕਦਮ ਅੱਗੇ ਵਧਿਆ ਪਾਕਿਸਤਾਨ, ਹੋਰ ਦੋ ਵੱਡੇ ਫ਼ੈਸਲੇ ਲਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਸਰਕਾਰ ਕਰਤਾਰਪੁਰ ਵਿਚ ਰੇਲਵੇ ਸਟੇਸ਼ਨ ਅਤੇ ਦੇਸ਼ ਭਰ ਵਿਚ ਸਿੱਖ ਧਾਰਮਿਕ ਸਥਾਨਾਂ ਦੇ ਨਜ਼ਦੀਕ ਸ਼ਰਧਾਲੂਆਂ ਲਈ ਠਹਿਰਣ ਦੀ ਜਗ੍ਹਾ ਦੇ ਨਿਰਮਾਣ ਲਈ ...

kartarpur sahib

ਇਸਲਾਮਾਬਾਦ (ਭਾਸ਼ਾ) :- ਪਾਕਿਸਤਾਨ ਸਰਕਾਰ ਕਰਤਾਰਪੁਰ ਵਿਚ ਰੇਲਵੇ ਸਟੇਸ਼ਨ ਅਤੇ ਦੇਸ਼ ਭਰ ਵਿਚ ਸਿੱਖ ਧਾਰਮਿਕ ਸਥਾਨਾਂ ਦੇ ਨਜ਼ਦੀਕ ਸ਼ਰਧਾਲੂਆਂ ਲਈ ਠਹਿਰਣ ਦੀ ਜਗ੍ਹਾ ਦੇ ਨਿਰਮਾਣ ਲਈ ਜ਼ਮੀਨ ਉਪਲੱਬਧ ਕਰਾਏਗੀ। ਮੀਡੀਆ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ। ਸੂਤਰਾਂ ਅਨੁਸਾਰ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਹੈ ਕਿ ਸਰਕਾਰ ਕਰਤਾਰਪੁਰ, ਨਨਕਾਨਾ ਸਾਹਿਬ ਅਤੇ ਨਰੋਵਾਲ ਵਿਚ ਹੋਟਲਾਂ ਦੀ ਉਸਾਰੀ ਲਈ ਸਿੱਖ ਸੰਗਠਨਾਂ ਨੂੰ ਜ਼ਮੀਨ ਉਪਲੱਬਧ ਕਰਾਏਗੀ।

ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਕਰਤਾਰਪੁਰ ਵਿਚ ਰੇਲਵੇ ਸਟੇਸ਼ਨ ਦੇ ਉਸਾਰੀ ਲਈ ਜ਼ਮੀਨ ਵੀ ਦੇਵੇਗੀ। ਰੇਲ ਮੰਤਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ ਦੇ ਮੌਕੇ ਉੱਤੇ ਆਯੋਜਿਤ ਪ੍ਰੋਗਰਾਮਾਂ ਵਿਚ ਭਾਰਤੀ ਸਿੱਖਾਂ ਦੇ ਸ਼ਾਮਿਲ ਹੋਣ ਤੋਂ ਬਾਅਦ ਲਾਹੌਰ ਤੋਂ ਵਿਸ਼ੇਸ਼ ਟ੍ਰੇਨਾਂ ਤੋਂ ਰਵਾਨਾ ਹੋਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਨੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਵਿਚ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦੇ ਕਰਤਾਰਪੁਰ ਵਿਚ ਦਰਬਾਰ ਸਾਹਿਬ ਨੂੰ ਜੋੜਨ ਲਈ ਲਾਂਘਾ ਬਣਾਉਣ ਦੀ ਗੱਲ ਕਹੀ ਹੈ।

ਅਹਮਦ ਨੇ ਕਿਹਾ ਕਿ ਪਾਕਿਸਤਾਨ ਰੇਲਵੇ ਨੇ ਕਰਤਾਰਪੁਰ ਅਤੇ ਨਨਕਾਨਾ ਸਾਹਿਬ ਵਿਚ 10 - 10 ਏਕੜ ਜ਼ਮੀਨ ਅਤੇ ਨਰੋਵਾਲ ਵਿਚ ਸਿੱਖ ਸੰਗਠਨਾਂ ਨੂੰ ਪੰਜ ਸਿਤਾਰਾ ਹੋਟਲ ਬਣਾਉਣ ਲਈ ਪੰਜ ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਨਨਕਾਨਾ ਸਾਹਿਬ ਤੋਂ ਕਰਤਾਰਪੁਰ ਤੱਕ ਲਈ ਟ੍ਰੇਨਾਂ ਚੱਲਣਗੀਆਂ ਅਤੇ ਸਾਰੇ ਧਾਰਮਿਕ ਸਥਾਨਾਂ ਦੇ ਨਜ਼ਦੀਕ ਹੋਟਲਾਂ ਦਾ ਨਿਰਮਾਣ ਹੋਵੇਗਾ।