ਪਿਛਲੇ ਸਾਲ 81 ਹਜ਼ਾਰ ਤੋਂ ਵੱਧ ਔਰਤਾਂ ਦਾ ਹੋਇਆ ਕਤਲ, ਸੰਯੁਕਤ ਰਾਸ਼ਟਰ ਨੇ ਰਿਪੋਰਟ 'ਚ ਕੀਤੇ ਵੱਡੇ ਖ਼ੁਲਾਸੇ

ਏਜੰਸੀ

ਖ਼ਬਰਾਂ, ਕੌਮਾਂਤਰੀ

45 ਹਜ਼ਾਰ ਔਰਤਾਂ ਦਾ ਕਾਤਲ ਪਤੀ ਜਾਂ ਕੋਈ ਹੋਰ ਕਰੀਬੀ

File Photo

ਰੋਮ : ਔਰਤਾਂ ਵਿਰੁੱਧ ਹਿੰਸਾ ਦੇ ਖ਼ਾਤਮੇ ਲਈ ਦੁਨੀਆਂ ਭਰ ਵਿਚ 25 ਨਵੰਬਰ ਨੂੰ ਮਨਾਏ ਅੰਤਰਰਾਸ਼ਟਰੀ ਦਿਵਸ ਮੌਕੇ ਸੰਯੁਕਤ ਰਾਸ਼ਟਰ ਨੇ ਆਪਣੀ ਵਿਸ਼ੇਸ਼ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਔਰਤ ਨੂੰ ਦੁਨੀਆਂ ਭਰ ਵਿਚ ਮੌਤ ਦੇ ਘਾਟ ਉਤਾਰਨ ਵਾਲੇ ਕੇਸਾਂ ਦੇ ਵਿਸ਼ਵਵਿਆਪੀ ਅੰਕੜੇ ਦਰਸਾਉਂਦੇ ਹਨ ਕਿ ਅੱਧ ਤੋਂ ਵੱਧ ਔਰਤਾਂ ਨੂੰ ਦਰਦਨਾਕ ਮੌਤ ਉਸ ਦੇ ਪਤੀ, ਸਾਥੀ, ਜਾਂ ਹੋਰ ਸਾਕ ਸੰਬਧੀ ਦੁਆਰਾ ਦਿੱਤੀ ਜਾ ਰਹੀ ਹੈ।

ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ ਪਿਛਲੇ ਸਾਲ ਸੰਨ 2021 ਵਿਚ 81,100 ਔਰਤਾਂ ਦਾ ਕਤਲ ਹੋਇਆ ਜਿਨ੍ਹਾਂ 'ਚੋਂ 45000 ਔਰਤਾਂ ਨੂੰ (56%) ਨੂੰ ਉਨ੍ਹਾਂ ਦੇ ਆਪਣੇ ਪਿਆਰਿਆਂ ਨੇ ਹੀ ਮੌਤ ਦੀ ਸਜ਼ਾ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਹ ਅੰਕੜੇ ਬਹੁਤ ਹੀ ਪ੍ਰਸ਼ਾਨ ਕਰਨ ਵਾਲੇ ਹਨ। ਕਈ ਕੇਸਾਂ ਵਿਚ ਔਰਤਾਂ ਨੂੰ ਲਿੰਗ ਕਾਰਨ ਵੀ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਸੰਨ 2021 ਵਿਚ ਕਈ ਅਜਿਹੇ ਮਾਮਲੇ ਵੀ ਦੇਖੇ ਗਏ ਜਿੱਥੇ 10 ਮੌਤਾਂ ਵਿਚ 4 ਔਰਤਾਂ ਦੀ ਮੌਤ ਨੂੰ ਨਾਰੀ-ਨਾਸ਼ਕ ਅਨਸਰਾਂ ਵੱਲੋਂ ਗਿਣਿਆ ਹੀ ਨਹੀਂ ਗਿਆ।

ਪਿਛਲੇ ਸਾਲ ਆਪਣਿਆਂ ਵੱਲੋਂ ਮਿਲੀ ਮੌਤ ਵਿਚ ਏਸ਼ੀਆ ਦੀਆਂ ਔਰਤਾਂ ਦੀ ਗਿਣਤੀ 17,800 ਸਭ ਤੋਂ ਵੱਧ ਹੈ ਜਦੋਂ ਕਿ ਰਿਪੋਰਟ ਅਨੁਸਾਰ ਅਫ਼ਰੀਕਾ ਵਿਚ ਔਰਤਾਂ ਜਾਂ ਲੜਕੀਆਂ ਨੂੰ ਪਰਿਵਾਰਕ ਮੈਂਬਰਾਂ ਦੁਆਰਾ ਮਾਰੇ ਜਾਣ ਦਾ ਖਤਰਾ ਜ਼ਿਆਦਾ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿਚ 1.4, ਓਨੇਸ਼ੀਆ ਵਿਚ 1.2, ਏਸ਼ੀਆ ਵਿਚ 0.8 ਅਤੇ ਯੂਰਪ ਵਿਚ 0.6 ਦੇ ਮੁਕਾਬਲੇ ਅਫ਼ਰੀਕਾ ਵਿਚ ਲਿੰਗ ਅਧਾਰਿਤ ਹੱਤਿਆਵਾਂ ਦੀ ਦਰ 2.5 ਪ੍ਰਤੀ 100,000 ਔਰਤ ਆਬਾਦੀ ਵਿਚ ਅਨੁਮਾਨਿਤ ਹੈ। ਸਰਵੇ ਮੁਤਾਬਕ ਸੰਨ 2020 ਵਿਚ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਉੱਤਰੀ ਅਮਰੀਕਾ ਅਤੇ ਪੱਛਮੀ, ਦੱਖਣੀ ਯੂਰਪ ਵਿਚ ਔਰਤਾਂ ਦੀਆਂ ਹੱਤਿਆਵਾਂ ਵਿਚ ਮਹੱਤਵਪੂਰਨ ਵਾਧੇ ਨਾਲ ਮੇਲ ਖਾਂਦੀ ਹੈ।

ਅਮਰੀਕਾ ਸਮੇਤ 25 ਯੂਰਪੀਅਨ ਦੇਸ਼ਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਵਾਧਾ ਵੱਡੇ ਪੱਧਰ ਤੇ ਪਤੀਆਂ ਅਤੇ ਸਾਥੀਆਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੁਆਰਾ ਕੀਤੀਆਂ ਗਈਆਂ ਹੱਤਿਆਵਾਂ ਕਰਨ ਹੋਇਆ ਹੈ। ਅਮਰੀਕਾ ਦੀ ਮਨੁੱਖੀ ਅਧਿਕਾਰਾਂ ਦੀ ਪ੍ਰਸਿੱਧ ਵਕੀਲ ਬਾਰਬਰਾ ਜੇਮੈਨਜ ਸਨਟੀਆਜੀਓ ਦਾ ਇਸ ਹੈਰਾਨਕੁੰਨ ਤੱਥਾਂ ਪ੍ਰਤੀ ਕਹਿਣਾ ਹੈ ਕਿ ਘਰੇਲੂ ਹਿੰਸਾ ਨੂੰ ਹਾਲੇ ਵੀ ਦੁਨੀਆਂ ਦੇ ਕੁਝ ਹਿੱਸਿਆਂ ਵਿਚ ਇਕ ਨਿੱਜੀ ਪਰਿਵਾਰਕ ਮਾਮਲੇ ਵਜੋਂ ਹੀ ਦੇਖਿਆ ਜਾਂਦਾ ਹੈ। ਬਹੁਤੇ ਵਕੀਲ ਅਤੇ ਪੁਲਿਸ ਵਾਲੇ ਅਕਸਰ ਅਜਿਹੇ ਕੇਸਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਦੋਂਕਿ ਅੰਕੜਿਆਂ ਵਿਚ ਹਿੰਸਾ ਦੇ ਦੂਜੇ ਰੂਪਾਂ ਦੇ ਨਤੀਜੇ ਵਜੋਂ ਹੋਈਆਂ ਹੱਤਿਆਵਾਂ ਦਰਜ ਹੋਣੀਆਂ ਚਾਹੀਦੀਆਂ ਹਨ ਜਿਵੇਂ ਇਕ ਔਰਤ ਜੋ ਜਬਰ ਜ਼ਿਨਾਹ ਦਾ ਸ਼ਿਕਾਰ ਹੋਣ ਕਾਰਨ ਆਤਮ ਹੱਤਿਆ ਕਰ ਲੈਂਦੀ ਹੈ ਜਾਂ ਜਬਰ-ਜ਼ਿਨਾਹ ਦਾ ਸ਼ਿਕਾਰ ਔਰਤ ਗਰਭਵਤੀ ਹੋ ਜਾਂਦੀ ਹੈ ਤੇ ਜਣੇਪੇ ਦੌਰਾਨ ਮਰ ਜਾਂਦੀ ਹੈ। 

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿਚ ਅਜੇ ਵੀ ਅਜਿਹੇ ਕਾਨੂੰਨ ਹਨ ਜੋ ਔਰਤਾਂ ਜਾਂ ਕੁੜੀਆਂ ਨਾਲ ਵਿਤਕਰਾ ਕਰਦੇ ਹਨ ਜਿਸ ਵਿਚ ਉਹ ਵੀ ਸ਼ਾਮਲ ਹਨ ਜੋ ਵਿਆਹ ਦੇ ਅੰਦਰ ਜਬਰ-ਜ਼ਿਨਾਹ ਦੀ ਇਜਾਜ਼ਤ ਦਿੰਦੇ ਹਨ ਜਾਂ ਦੋਸ਼ੀਆਂ ਨੂੰ ਪੀੜਤਾਂ ਨਾਲ ਵਿਆਹ ਕਰਕੇ ਸਜ਼ਾ ਤੋਂ ਬਚਣ ਦੀ ਇਜਾਜ਼ਤ ਦਿੰਦੇ ਹਨ। ਸਹੀ ਅਰਥਾਂ ਵਿਚ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਦੁਨੀਆਂ ਭਰ ਵਿਚ ਬਹੁਤ ਕੁਝ ਬਦਲਣ ਦੀ ਲੋੜ ਹੈ ਜਿਸ ਲਈ ਔਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਅਹਿਮ ਜ਼ਰੂਰਤ ਹੈ।