Forgotten gurdwaras in Pakistan: ਗੁਰਦੁਆਰਿਆਂ ਬਾਰੇ ਵੈੱਬਸਾਈਟ ਤਿਆਰ ਕਰਦਿਆਂ ਸਿੱਖਾਂ ਨੂੰ ਮਿਲੇ ਵਿਸਰਾ ਦਿਤੇ ਗਏ ਕਈ ਇਤਿਹਾਸਕ ਗੁਰਦੁਆਰੇ
ਰੈਡਕਲਿਫ ਲਾਈਨ ਦੇ ਨੇੜੇ ਕਰਤਾਰਪੁਰ ਸਾਹਿਬ ਨਾਲੋਂ ਵੀ ਨੇੜੇ ਸਥਿਤ ਗੁਰਦੁਆਰਿਆਂ ਨੂੰ ਪਾਕਿਸਤਾਨ ’ਚ ਰੱਖਣ ਦਾ ਕੋਈ ਤਰਕ ਨਹੀਂ ਬਣਦਾ : ਦਵਿੰਦਰ ਸਿੰਘ ਸਾਦਿਕ
Forgotten gurdwaras in Pakistan: Gurdwarapedia.com ਨੇ ਸਿੱਖ ਸ਼ਰਧਾਲੂਆਂ ਦੀ ਮਦਦ ਲਈ ਜੀਓ-ਟੈਗਿੰਗ ਦੀ ਵਰਤੋਂ ਕਰਦਿਆਂ ਇਤਿਹਾਸਕ ਗੁਰਦੁਆਰਿਆਂ ਦੀ ਮੈਪਿੰਗ ਕੀਤੀ ਹੈ। ਜੀਓ ਟੈਗਿੰਗ ਦੌਰਾਨ ਵੈੱਬਸਾਈਟ ਡਿਵੈਲਪਰਾਂ ਨੇ ਅਜਿਹੇ ਗੁਆਚ ਗਏ ਗੁਰਦੁਆਰਿਆਂ ਦਾ ਵੀ ਪਤਾ ਲਗਾਇਆ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੈਡਕਲਿਫ ਲਾਈਨ ਦੇ ਨੇੜੇ ਪਛਮੀ ਪੰਜਾਬ ਵਿਚ ਸਥਿਤ ਹਨ।
Gurudwarapedia.com ਦੇ ਪਿੱਛੇ ਕੰਮ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਗੁਰਦੁਆਰੇ ਰੈਡਕਲਿਫ ਲਾਈਨ ਵਿੱਚ ਥੋੜ੍ਹੇ ਜਿਹੇ ਬਦਲਾਅ ਨਾਲ ਭਾਰਤ ਦਾ ਹਿੱਸਾ ਹੋ ਸਕਦੇ ਸਨ। Gurdwarapedia.com ਅਨੁਸਾਰ, ਪਾਕਿਸਤਾਨ ਦੇ ਲਾਹੌਰ ’ਚ ਸਥਿਤ ਹੁਦੀਆਰਾ ਪਿੰਡ ਦਾ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ, ਜੋ ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ’ਚ ਉਸਾਰਿਆ ਗਿਆ ਸੀ, ਰੈਡਕਲਿਫ ਲਾਈਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬਹੁਤ ਨੇੜੇ ਹੈ।
ਗੁਰਦੁਆਰਾ ਪਾਤਸ਼ਾਹੀ ਛੇਵੀਂ ਰੈਡਕਲਿਫ ਲਾਈਨ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਹੈ, ਜਦਕਿ ਕਰਤਾਰਪੁਰ ਸਾਹਿਬ, ਜੋ 2019 ਵਿਚ ਸਿੱਖ ਸ਼ਰਧਾਲੂਆਂ ਲਈ ਲਾਂਘੇ ਰਾਹੀਂ ਖੋਲ੍ਹਿਆ ਗਿਆ ਸੀ, ਪਾਕਿਸਤਾਨ ਦੇ ਅੰਦਰ 4.5 ਕਿਲੋਮੀਟਰ ਅੰਦਰ ਹੈ।
ਛੇਵੇਂ ਗੁਰੂ ਦੀ ਯਾਦ ਵਿਚ ਇਕ ਹੋਰ ਗੁਰਦੁਆਰਾ, ਗੁਰਦੁਆਰਾ ਬੇਰ ਸਾਹਿਬ, ਪਿੰਡ ਖੜਕ ਵਿਚ, ਭਾਰਤ ਵਿਚ ਅਟਾਰੀ ਰੇਲਵੇ ਸਟੇਸ਼ਨ ਤੋਂ ਸਿਰਫ਼ ਤਿੰਨ ਮੀਲ (4.8 ਕਿਲੋਮੀਟਰ) ਦੂਰ ਸੀ; ਇਹ ਰੈੱਡਕਲਿਫ ਲਾਈਨ ਤੋਂ ਸਿਰਫ 1.8 ਕਿਲੋਮੀਟਰ ਦੀ ਦੂਰੀ 'ਤੇ ਸੀ। ਵੰਡ ਤੋਂ ਪਹਿਲਾਂ, ਇਥੇ ਸਰਦੀਆਂ ਵਿਚ ਇਕ ਵੱਡਾ ਸਾਲਾਨਾ ਧਾਰਮਿਕ ਤਿਉਹਾਰ ਹੁੰਦਾ ਸੀ। ਗੁਰਦੁਆਰੇ ਦੀ ਇਮਾਰਤ ਦਾ ਹੁਣ ਕੋਈ ਨਿਸ਼ਾਨ ਨਹੀਂ ਹੈ, ਹਾਲਾਂਕਿ ਰਿਕਾਰਡਾਂ ਵਿਚ ਇਸ ਦਾ ਜ਼ਿਕਰ ਹੈ।
ਗੁਰਦੁਆਰਾ ਝਾੜੀ ਸਾਹਿਬ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਜੀ ਨਾਲ ਸਬੰਧਤ ਹੈ। ਇਹ ਲਾਹੌਰ ਵਿਚ ਕਸੂਰ ਜ਼ਿਲ੍ਹੇ ਦੇ ਪਿੰਡ ਤਰਗੀ ਦੇ ਨੇੜੇ ਹੈ। ਇਹ ਰੈੱਡਕਲਿਫ ਲਾਈਨ ਤੋਂ ਮਹਿਜ਼ 1.5 ਕਿਲੋਮੀਟਰ ਦੂਰ ਹੈ। ਚਾਰ ਥੰਮ੍ਹਾਂ 'ਤੇ ਬਣਿਆ ਗੁੰਬਦ ਹੀ ਗੁਰਦੁਆਰਾ ਸਾਹਿਬ ਦੀ ਯਾਦ ਦਿਵਾਉਂਦਾ ਹੈ ਜਿਸ ਦਾ ਹੁਣ ਕੋਈ ਸੇਵਾਦਾਰ ਨਹੀਂ ਹੈ। ਗੁਰਦੁਆਰੇ ਵਿਚ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਇਤਿਹਾਸਕ ਪਵਿੱਤਰ ਰੁੱਖ ਸਨ ਅਤੇ 1947 ਤਕ ਮੌਜੂਦ ਸਨ। ਹਰ ਸਾਲ ਵਿਸਾਖੀ ਮੌਕੇ ਇਥੇ ਸਮਾਗਮ ਆਯੋਜਤ ਕੀਤਾ ਜਾਂਦਾ ਸੀ।
Gurdwarapedia.com ਦੇ ਸੰਪਾਦਕ ਦਵਿੰਦਰ ਸਿੰਘ ਸਾਦਿਕ ਨੇ ਕਿਹਾ, ‘‘ਅਸੀਂ ਸਿਰਫ ਇਤਿਹਾਸਕ ਸਿੱਖ ਗੁਰਦੁਆਰਿਆਂ ਲਈ ਇੱਕ ਵੈੱਬਸਾਈਟ ਤਿਆਰ ਕਰ ਰਹੇ ਹਾਂ। ਅਸੀਂ ਸਰਕਾਰੀ ਰੀਕਾਰਡਾਂ ਦੀ ਸਮੀਖਿਆ ਕੀਤੀ ਅਤੇ ਰੈਡਕਲਿਫ ਲਾਈਨ ਦੇ ਨੇੜੇ ਗੁਰਦੁਆਰਿਆਂ ਦਾ ਪਤਾ ਲਗਾਇਆ। ਅਸੀਂ ਸਾਰੇ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਜਾਣਦੇ ਹਾਂ। ਪਰ ਪਾਕਿਸਤਾਨ ਵਿੱਚ ਪਿੱਛੇ ਰਹਿ ਗਏ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਮੌਜੂਦਾ ਸਿੱਖ ਪੀੜ੍ਹੀ ਦੀਆਂ ਸਮੂਹਿਕ ਯਾਦਾਂ ਤੋਂ ਗਾਇਬ ਹੋ ਗਏ ਹਨ। ਰੈਡਕਲਿਫ ਲਾਈਨ ਦੇ ਨੇੜੇ ਸਥਿਤ ਇਹ ਗੁਰਦੁਆਰੇ ਅਤੇ ਹੋਰ ਵੀ ਸਾਬਤ ਕਰਦੇ ਹਨ ਕਿ ਦੋਹਾਂ ਦੇਸ਼ਾਂ ਦੀ ਵੰਡ ਕਿੰਨੀ ਬੇਰਹਿਮ ਸੀ। ਇਨ੍ਹਾਂ ਗੁਰਦੁਆਰਿਆਂ ਨੂੰ ਪਾਕਿਸਤਾਨ ’ਚ ਰੱਖਣ ਦਾ ਕੋਈ ਤਰਕ ਨਹੀਂ ਸੀ।’’