ਡਾਕਟਰ ਦੇ 'ਟੀਕੇ' ਨਾਲ ਇਮਰਾਨ ਸਾਹਮਣੇ ਪ੍ਰਗਟ ਹੋਈਆਂ 'ਹੂਰਾਂ'-ਵੀਡੀਓ ਵਾਇਰਲ!

ਏਜੰਸੀ

ਖ਼ਬਰਾਂ, ਕੌਮਾਂਤਰੀ

ਇਮਰਾਨ ਖ਼ਾਨ ਨੇ ਭਾਸ਼ਨ ਦੌਰਾਨ ਦਿਤਾ ਸੀ ਬਿਆਨ

file photo

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਪਣÎੇ 'ਅੰਧ ਵਿਸ਼ਵਾਸ' ਕਾਰਨਾਮਿਆਂ ਤੇ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਦੌਰਾਨ ਉਹ ਮਾਲਾ ਫੇਰਦੇ ਨਜ਼ਰ ਆਏ ਸਨ। ਇਸੇ ਤਰ੍ਹਾਂ ਚੀਨ ਦੇ ਰਾਸ਼ਟਰਪਤੀ ਨਾਲ ਮਿਲਣੀ ਦੌਰਾਨ ਵੀ ਉਨ੍ਹਾਂ ਦੀ ਮਾਲਾ ਫੇਰਨ ਦੀ ਅਦਾ ਸੁਰਖੀਆਂ ਦਾ ਕਾਰਨ ਬਣੀ ਸੀ। ਹੁਣ ਉਨ੍ਹਾਂ ਦਾ ਹਸਪਤਾਲ 'ਚ ਡਾਕਟਰ ਦੇ ਟੀਕੇ ਬਾਅਦ ਉਨ੍ਹਾਂ ਨੂੰ ਉਥੇ ਮੌਜੂਦ ਸਾਰੀਆਂ ਨਰਸਾਂ ਵਿਚੋਂ 'ਹੂਰਾਂ' ਦੇ ਦਰਸ਼ਨ ਹੋਣ ਵਾਲਾ ਬਿਆਨ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ।

ਦਰਅਸਲ ਪਾਕਿਸਤਾਨ ਦੇ ਕਰਾਂਚੀ ਸਥਿਤ ਸ਼ੌਕਤ ਖਾਨੂਮ ਹਸਪਤਾਲ ਵਿਖੇ ਅਪਣੇ ਭਾਸ਼ਨ 'ਚ ਇਮਰਾਨ ਖ਼ਾਨ ਨੇ ਕਿਹਾ ਕਿ ਇਕ ਟੀਕਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਨਰਸਾਂ ਵਿਚ ਹੂਰਾਂ ਨਜ਼ਰ ਆਉਣ ਲੱਗ ਪਈਆਂ ਸਨ। ਉਨ੍ਹਾਂ ਨੇ ਹਸਪਤਾਲ 'ਚ ਅਪਣੇ ਸੰਬੋਧਨ ਦੌਰਾਨ ਭਾਵੇਂ ਇਹ ਗੱਲ ਮਜ਼ਾਕੀਆ ਸੁਰ ਵਿਚ ਕਹੀ ਸੀ, ਪਰ ਇਸ ਕਾਰਨ ਉਹ ਸ਼ੋਸ਼ਲ ਮੀਡੀਆ 'ਤੇ ਖ਼ੂਬ ਟਰੋਲ ਹੋ ਰਹੇ ਹਨ।

ਇਮਰਾਨ ਖ਼ਾਨ ਮੁਤਾਬਕ ਉਹ 2013 ਵਿਚ ਚੋਣ ਪ੍ਰਚਾਰ ਮੁਹਿੰਮ ਦੌਰਾਨ ਸਟੇਜ ਤੋਂ ਅਚਾਨਕ ਡਿੱਗ ਗਏ ਸਨ। ਇਸ ਕਾਰਨ ਉਨ੍ਹਾਂ ਦੀ ਪਿੱਠ ਵਿਚ ਸੱਟ ਲੱਗੀ ਸੀ। ਜ਼ਿਆਦਾ ਦਰਦ ਹੋਣ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਘਟਨਾ ਨੂੰ ਯਾਦ ਕਰਦਿਆਂ ਇਮਰਾਨ ਖ਼ਾਨ ਕਹਿੰਦੇ ਹਨ ਕਿ ਡਾਕਟਰ ਨੇ ਮੈਨੂ ਅਜਿਹਾ ਟੀਕਾ ਲਗਾਇਆ ਕਿ  ਮੈਂ ਇਕਦਮ ਦਰਦ ਭੁੱਲ ਗਿਆ। ਇੱਥੋਂ ਤਕ ਕਿ ਮੈਨੂੰ ਉਥੇ ਮੌਜੂਦ ਸਾਰੀਆਂ ਨਰਸਾਂ ਹੂਰਾਂ ਨਜ਼ਰ ਆਉਣ ਲੱਗ ਪਈਆਂ ਸਨ। ਇਮਰਾਨ ਖ਼ਾਨ ਅਨੁਸਾਰ ਟੀਕਾ ਲੱਗਣ ਤੋਂ ਬਾਅਦ ਨਾ ਸਿਰਫ਼ ਉਨ੍ਹਾਂ ਦਾ ਦਰਦ ਬਿਲਕੁਲ ਠੀਕ ਹੋ ਗਿਆ, ਸਗੋਂ ਉਨ੍ਹਾਂ ਨੇ ਅਪਣਾ ਭਾਸ਼ਨ ਵੀ ਪੂਰਾ ਕੀਤਾ ਸੀ।

ਅਪਣੇ ਇਸ ਬਿਆਨ ਕਾਰਨ ਇਮਰਾਨ ਖ਼ਾਨ ਸ਼ੋਸ਼ਲ ਮੀਡੀਆ 'ਤੇ ਖ਼ੂਬ ਟਰੋਲ ਹੋ ਰਹੇ ਹਨ। ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਅਪਣੇ ਟਵਿੱਟਰ ਅਕਾਊਂਟ 'ਤੇ ਵੀਡੀਓਂ ਨੂੰ ਪੋਸਟ ਕਰਦਿਆਂ ਟਿੱਪਣੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਨੂੰ ਸਾਰੀਆਂ ਨਰਸਾਂ ਵਿਚ ਹੂਰਾਂ ਦਿਖਾਉਣ ਖਾਤਰ ਸਿਰਫ਼ ਇਕ ਟੀਕੇ ਦੀ ਜ਼ਰੂਰਤ ਹੈ। ਸ਼ੋਸ਼ਲ ਮੀਡੀਆ 'ਤੇ ਇਹ ਵੀਡੀਓ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ 24 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ।

ਇਕ ਹੋਰ ਯੂਜ਼ਰ ਕਹਿੰਦੇ ਹਨ ਕਿ ਨਰਸਾਂ ਨੂੰ ਭੈਣਾਂ ਵਾਂਗ ਵੇਖਿਆ ਜਾਣਾ ਚਾਹੀਦਾ ਹੈ, ਪਰ ਇਮਰਾਨ ਨੂੰ ਨਰਸਾਂ ਵਿਚ ਹੂਰਾਂ ਨਜ਼ਰ ਆ ਰਹੀਆਂ ਹਨ। ਇਸ ਤੋਂ ਉਨ੍ਹਾਂ ਦੀ ਮਾਨਸਿਕਤਾ ਦਾ ਪਤਾ ਚੱਲਦਾ ਹੈ। ਉੱਥੇ ਹੀ ਕੁੱਝ ਲੋਕਾਂ ਨੇ ਇਸ ਸਬੰਧੀ ਇਮਰਾਨ ਖ਼ਾਨ ਨੂੰ ਮੈਡਲ ਦੇਣ ਦਾ ਵਿਚਾਰ ਵੀ ਸਾਂਝਾ ਕੀਤਾ ਹੈ।