ਪਾਕਿਸਤਾਨ 'ਚ ਆਟੇ ਤੋਂ ਬਾਅਦ ਹੁਣ ਰੁਆ ਰਿਹਾ ਹੈ ਪਿਆਜ਼, ਜਾਣੋ ਕੀ ਹੈ ਕੀਮਤ?

ਏਜੰਸੀ

ਖ਼ਬਰਾਂ, ਕੌਮਾਂਤਰੀ

ਢਾਈ ਸੌ ਰੁਪਏ ਤੋਂ ਪਾਰ ਹੋਈ ਪ੍ਰਤੀ ਕਿੱਲੋ ਪਿਆਜ਼ ਦੀ ਕੀਮਤ 

Representational Image

ਇਸਲਾਮਾਬਾਦ: ਪਾਕਿਸਤਾਨ 'ਚ ਇਕ ਕਿਲੋ ਪਿਆਜ਼ ਦੀ ਕੀਮਤ 220 ਤੋਂ 250 ਰੁਪਏ ਤੱਕ ਪਹੁੰਚ ਗਈ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪੇਸ਼ਾਵਰ ਦੀ ਸਬਜ਼ੀ ਮੰਡੀ ਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਸੀਂ ਮਜ਼ਦੂਰ ਕਿੱਥੇ ਜਾਈਏ? ਜੇਕਰ ਸਾਨੂੰ ਕੋਈ ਸਬਜ਼ੀ ਨਹੀਂ ਮਿਲਦੀ ਸੀ ਤਾਂ ਅਸੀਂ ਪਿਆਜ਼ ਨਾਲ ਖਾਣਾ ਖਾਂਦੇ ਸੀ, ਪਰ ਹੁਣ ਇਸ ਦੀ ਕੀਮਤ ਵੀ ਇੰਨੀ ਵੱਧ ਗਈ ਹੈ ਕਿ ਇਸ ਨਾਲ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਦੁਕਾਨਦਾਰ 200 ਗ੍ਰਾਮ ਪਿਆਜ਼ ਲਈ 40 ਤੋਂ 50 ਰੁਪਏ ਮੰਗ ਰਹੇ ਹਨ। ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ 'ਚ ਪਿਆਜ਼ ਦੀ ਕੀਮਤ ਵੀ ਵੱਖ-ਵੱਖ ਹੈ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿੱਚ ਪਿਆਜ਼ ਸਭ ਤੋਂ ਮਹਿੰਗਾ ਵਿਕ ਰਿਹਾ ਹੈ। ਇੱਥੇ ਪਿਆਜ਼ ਦੀ ਕੀਮਤ 250 ਤੋਂ 260 ਰੁਪਏ ਪ੍ਰਤੀ ਕਿਲੋ ਹੈ।

ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਗਿਰਾਵਟ ਨੇ ਵਧਾਈ LIC ਦੀ ਚਿੰਤਾ, ਕੰਪਨੀ ਦੇ 16,580 ਕਰੋੜ ਡੁੱਬੇ

ਖੈਬਰ ਪਖਤੂਨਖਵਾ ਦੇ ਪੇਸ਼ਾਵਰ ਸ਼ਹਿਰ 'ਚ ਪਿਆਜ਼ ਦੀ ਕੀਮਤ 230 ਤੋਂ 250 ਰੁਪਏ ਦੇ ਵਿਚਕਾਰ ਹੈ। ਛੋਟਾ ਪਿਆਜ਼ ਕਰਾਚੀ ਵਿੱਚ 230 ਰੁਪਏ ਪ੍ਰਤੀ ਕਿਲੋ ਹੈ ਅਤੇ ਲਾਹੌਰ ਵਿੱਚ ਲਗਭਗ ਇਹੀ ਕੀਮਤ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਆਜ਼ ਇੱਕ ਬੁਨਿਆਦੀ ਲੋੜ ਹੈ, ਇਹ ਹਰ ਸਬਜ਼ੀ ਵਿੱਚ ਪੈਂਦਾ ਹੈ ਪਰ ਕੀਮਤਾਂ ਵਧਣ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਲਾਪਰਵਾਹੀ ਹੈ ਕਿ ਇੱਕ ਬੁਨਿਆਦੀ ਚੀਜ਼ ਦੀ ਕੀਮਤ ਇਸ ਹਜ ਤੱਕ ਵਧ ਗਈ ਹੈ।

ਉਧਰ ਪਿਆਜ਼ ਉਗਾਉਣ ਵਾਲੇ ਕਿਸਾਨ ਪਿਛਲੇ ਸਾਲ ਪਾਕਿਸਤਾਨ ਵਿੱਚ ਆਏ ਹੜ੍ਹਾਂ ਨੂੰ ਵਧੀਆਂ ਕੀਮਤਾਂ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹੜ੍ਹਾਂ ਕਾਰਨ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਕਿਸਾਨਾਂ ਮੁਤਾਬਕ ਅਗਲੇ ਮਹੀਨੇ ਪਿਆਜ਼ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ ਕਿਉਂਕਿ ਉਦੋਂ ਨਵੀਂ ਫ਼ਸਲ ਮੰਡੀ ਵਿੱਚ ਆ ਜਾਵੇਗੀ। ਮੌਜੂਦਾ ਸਮੇਂ ਵਿਚ ਤਜ਼ਾਕਿਸਤਾਨ ਅਤੇ ਈਰਾਨ ਤੋਂ ਵੀ ਪਿਆਜ਼ ਪਾਕਿਸਤਾਨ ਵਿਚ ਆ ਰਿਹਾ ਹੈ, ਜਿਸ ਦੀ ਕੀਮਤ ਸਥਾਨਕ ਪਿਆਜ਼ ਦੇ ਮੁਕਾਬਲੇ 20 ਰੁਪਏ ਪ੍ਰਤੀ ਕਿਲੋ ਘੱਟ ਹੈ।