5 ਸਾਲਾਂ 'ਚ 159 ਭਾਰਤੀਆਂ ਨੇ ਲਈ ਪਾਕਿਸਤਾਨ ਦੀ ਨਾਗਰਿਕਤਾ
ਸੂਚੀ ਵਿਚ ਸ਼ਾਮਲ 14 ਹੋਰ ਭਾਰਤੀ ਨਾਗਰਿਕਾਂ ਦੀ ਪਛਾਣ ਅਜੇ ਤੱਕ ਨਹੀਂ ਕੀਤੀ ਜਨਤਕ
ਕੁਝ ਗੈਂਗਸਟਰ ਅਤੇ ਗਰਮਖਿਆਲੀ ਵੀ ਸ਼ਾਮਲ
ਸਾਲ ਨਾਗਰਿਕ
2018 43
2019 55
2021 27
2022 18
2023 2
ਮੋਹਾਲੀ : ਪਿਛਲੇ ਪੰਜ ਸਾਲਾਂ ਵਿਚ 159 ਭਾਰਤੀਆਂ ਨੇ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪਿਛਲੇ ਪੰਜ ਸਾਲਾਂ ਵਿੱਚ 214 ਵਿਦੇਸ਼ੀਆਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਜਿਨ੍ਹਾਂ ਵਿੱਚੋਂ 159 ਭਾਰਤੀ ਸਨ।
ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਲੋਕਾਂ ਨੂੰ ਵਿਆਹ ਅਤੇ ਪਰਿਵਾਰਕ ਸਬੰਧਾਂ ਸਮੇਤ ਕਈ ਕਾਰਨਾਂ ਕਰਕੇ ਨਾਗਰਿਕਤਾ ਦਿੱਤੀ। ਅਧਿਕਾਰਤ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਭਾਰਤ ਤੋਂ ਇਲਾਵਾ ਪਾਕਿ ਦੀ ਨਾਗਰਿਕਤਾ ਲੈਣ ਵਾਲਿਆਂ 'ਚ 55 ਹੋਰਨਾਂ ਮੁਲਕਾਂ ਦੇ ਨਾਗਰਿਕ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਗ੍ਰਾਂਟਾਂ ਅਤੇ ਮਨਰੇਗਾ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਤਹਿਤ ਸਰਪੰਚ ਮੁਅੱਤਲ
ਪਾਕਿ ਦੇ ਇਕ ਟੀ. ਵੀ. ਨਿਊਜ਼ ਚੈਨਲ ਵਲੋਂ ਸਰਕਾਰੀ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ ਪਿਛਲੇ ਮਹੀਨੇ 2 ਭਾਰਤੀਆਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਗਈ, ਜਦਕਿ ਸਾਲ 2018 'ਚ 43, ਸਾਲ 2019 'ਚ 55, ਸਾਲ 2021 'ਚ 27 ਅਤੇ ਪਿਛਲੇ ਸਾਲ 2022 'ਚ 18 ਭਾਰਤੀ ਨਾਗਰਿਕਾਂ ਨੂੰ ਨਾਗਰਿਕਤਾ ਮਿਲੀ। ਪਾਕਿ ਗ੍ਰਹਿ ਮੰਤਰਾਲੇ ਨੇ ਉਕਤ ਸੂਚੀ 'ਚ ਸ਼ਾਮਿਲ 14 ਹੋਰਨਾਂ ਭਾਰਤੀ ਨਾਗਰਿਕਾਂ ਦੀ ਪਹਿਚਾਣ ਅਜੇ ਤਕ ਜਨਤਕ ਨਹੀਂ ਕੀਤੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 'ਚ ਭਾਰਤ ਤੋਂ ਭਗੌੜੇ ਗੈਂਗਸਟਰ ਅਤੇ ਗਰਮਖਿਆਲੀ ਸ਼ਾਮਲ ਹਨ, ਜਿਨ੍ਹਾਂ ਨੂੰ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਦੀ ਸਿਫ਼ਾਰਸ਼ 'ਤੇ ਮ੍ਰਿਤਕ ਅਤੇ ਲਾਪਤਾ ਪਾਕਿਸਤਾਨੀਆਂ ਦੇ ਨਾਂਅ ਵਾਲੇ ਫ਼ਰਜ਼ੀ ਨਾਦਰਾ (ਨੈਸ਼ਨਲ ਡਾਟਾਬੇਸ ਐਂਡ ਰਜਿਸਟਰੇਸ਼ਨ ਅਥਾਰਿਟੀ) ਪਹਿਚਾਣ ਪੱਤਰ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕੈਨੇਡਾ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਦੇਹ ਪਹੁੰਚੀ ਪੰਜਾਬ
ਉਕਤ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਨਾਗਰਿਕਤਾ ਲਈ ਹਜ਼ਾਰਾਂ ਅਰਜ਼ੀਆਂ ਮਨਜ਼ੂਰੀ ਲਈ ਅਜੇ ਵੀ ਮੰਤਰਾਲੇ ਕੋਲ ਲੰਬਿਤ ਹਨ।ਦਸਤਾਵੇਜ਼ਾਂ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਾਕਿ ਨੇ 11 ਅਫ਼ਗਾਨ, 3 ਚੀਨੀ, 4 ਬੰਗਲਾਦੇਸ਼ੀ, ਇਕ ਇਟਾਲੀਅਨ, ਇਕ ਸਵਿਸ, 3 ਅਮਰੀਕੀ, 2 ਕੈਨੇਡੀਅਨ, 4 ਬਰਤਾਨਵੀ ਨਾਗਰਿਕਾਂ ਦੇ ਇਲਾਵਾ ਬਰਮਾ, ਫਿਲੀਪੀਨਜ਼, ਮਾਲਡੋਵਾ, ਕਿਰਗਿਸਤਾਨ, ਸ੍ਰੀਲੰਕਾ ਅਤੇ ਨਿਪਾਲ ਦੇ 20 ਤੋਂ ਵੱਧ ਨਾਗਰਿਕਾਂ ਨੂੰ ਵੀ ਪਾਕਿਸਤਾਨੀ ਨਾਗਰਿਕਤਾ ਮਿਲੀ ਹੈ।