ਨਾਸਿਰ ਉਲ ਮੁਲਕ ਬਣੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

1 ਜੂਨ ਨੂੰ ਨਵੀਂ ਕਾਰਜਕਾਰੀ ਸਰਕਾਰ ਅਪਣੀ ਜ਼ਿੰਮੇਵਾਰੀ ਸੰਭਾਲੇਗੀ....

Nasir-ul-Mulk

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਮੁੱਖ ਜੱਜ ਰਹਿ ਚੁਕੇ ਨਾਸਿਰ-ਉਲ-ਮੁਲਕ ਨੂੰ ਦੇਸ਼ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ। ਪਾਕਿਸਤਾਨ ਦੀ ਇਸ ਸੰਸਦ ਦਾ ਕਾਰਜ ਕਾਲ 31 ਮਈ ਨੂੰ ਪੂਰਾ ਹੋ ਰਿਹਾ ਹੈ, ਪਰ ਆਮ ਚੋਣਾਂ 25 ਜੁਲਾਈ ਨੂੰ ਹੋਣੀਆਂ ਹਨ। ਇਸ ਤੋਂ ਪਹਿਲਾਂ 1 ਜੂਨ ਨੂੰ ਨਵੀਂ ਕਾਰਜਕਾਰੀ ਸਰਕਾਰ ਅਪਣੀ ਜ਼ਿੰਮੇਵਾਰੀ ਸੰਭਾਲ ਲਵੇਗੀ।

ਨਾਸਿਰ ਦੇ ਨਾਂ ਦਾ ਐਲਾਨ ਵਿਰੋਧੀ ਧਿਰ ਦੇ ਨੇਤਾ ਖੁਰਸ਼ੀਦ ਸ਼ਾਹ ਵਲੋਂ ਇਸਲਾਮਾਬਾਦ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ। ਨਾਸਿਰ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਖੁਰਸ਼ੀਦ ਸ਼ਾਹ ਅਤੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੀ ਮੁਲਾਕਾਤ ਹੋਈ ਸੀ। ਇਸੇ ਮੁਲਾਕਾਤ ਵਿਚ ਨਾਸਿਰ ਦੇ ਨਾਮ 'ਤੇ ਚਰਚਾ ਹੋਈ ਸੀ। ਅੱਬਾਸੀ ਵੀ ਇਸੇ ਪ੍ਰੈੱਸ ਕਾਨਫ਼ਰੰਸ 'ਚ ਮੌਜੂਦ ਸਨ।

ਸ਼ਾਹ ਨੇ ਜਾਣਕਾਰੀ ਦਿਤੀ ਕਿ ਕਿਸੇ ਦੇ ਵੀ ਨਾਂ ਨੂੰ ਰੱਦ ਨਹੀਂ ਕੀਤਾ ਗਿਆ ਸੀ। ਨਾਸਿਰ ਦੀ ਚੋਣ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਕੀਤੀ ਗਈ। ਉਨ੍ਹਾਂ ਦੇ ਨਾਂ ਦੇ ਐਲਾਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ 'ਚ ਲਿਆ ਗਿਆ ਸੀ ਅਤੇ ਫਿਰ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਫ਼ੈਸਲਾ ਹੋਇਆ ਸੀ। ਸ਼ਾਹ ਨੇ ਕਿਹਾ ਕਿ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੌਜੂਦਾ ਸਰਕਾਰ ਅਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਨ 'ਚ ਸਫ਼ਲ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਜੁਲਾਈ 'ਚ ਹੋਣ ਵਾਲੀਆਂ ਆਮ ਚੋਣਾਂ ਪੂਰੀ ਤਰ੍ਹਾਂ ਨਿਰਪੱਖ ਹੋਣਗੀਆਂ। ਉਥੇ ਹੀ ਅੱਬਾਸੀ ਨੇ ਕਿਹਾ ਕਿ ਜਿਹੜੇ ਵੀ ਨਾਂ ਇਸ ਅਹੁਦੇ ਲਈ ਚੁਣੇ ਗਏ ਸਨ, ਉਹ ਅਪਣੇ ਆਪ 'ਚ ਯੋਗ ਸਨ।ਸੋਮਵਾਰ ਨੂੰ ਹੋਏ ਐਲਾਨ ਦੇ ਨਾਲ ਹੀ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਵਿਰੋਧੀ ਧਿਰ 'ਚ ਚਲ ਰਹੀ ਤਕਰਾਰਬਾਜ਼ੀ ਵੀ ਖ਼ਤਮ ਹੋ ਗਈ।  ਪਿਛਲੇ 6 ਹਫ਼ਤੇ ਤੋਂ ਸਰਕਾਰ ਅਤੇ ਵਿਰੋਧੀ ਪਾਰਟੀ ਵਿਚਕਾਰ ਕਈ ਮੀਟਿੰਗਾਂ ਹੋਈਆਂ, ਪਰ ਇਸ ਤੋਂ ਬਾਅਦ ਵੀ ਅੰਤਮ ਪ੍ਰਧਾਨ ਮੰਤਰੀ ਦੇ ਨਾਂ 'ਤੇ ਸਹਿਮਤੀ ਨਹੀਂ ਬਣੀ ਸੀ। (ਪੀਟੀਆਈ)