ਪਾਕਿਸਤਾਨ 'ਚ ਈਸ਼ ਨਿੰਦਾ ਦੇ ਦੋਸ਼ 'ਚ ਹਿੰਦੂ ਡਾਕਟਰ ਗ੍ਰਿਫ਼ਤਾਰ
ਪ੍ਰਦਰਸ਼ਨਕਾਰੀਆਂ ਨੇ ਹਿੰਦੂਆਂ ਦੀਆਂ ਦੁਕਾਨਾਂ ਨੂੰ ਅੱਗ ਲਗਾਈ
ਕਰਾਚੀ : ਪਾਕਿਸਤਾਨ ਦੇ ਦਖਣੀ ਸਿੰਧ ਸੂਬੇ 'ਚ ਈਸ਼ ਨਿੰਦਾ ਦੇ ਦੋਸ਼ 'ਚ ਇਕ ਹਿੰਦੂ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾਕਟਰ ਵਿਰੁੱਧ ਇਕ ਮੌਲਵੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਡਾਕਟਰ 'ਤੇ ਦੋਸ਼ ਹੈ ਕਿ ਉਸ ਨੇ ਕੁਰਾਨ ਦੇ ਪੰਨੇ ਪਾੜ ਕੇ ਉਸ 'ਚ ਦਵਾਈ ਲਪੇਟ ਕੇ ਮਰੀਜ਼ਾਂ ਨੂੰ ਦਿੱਤੀ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਪ੍ਰਦਰਸ਼ਨਕਾਰੀਆਂ ਨੇ ਹਿੰਦੂਆਂ ਦੀਆਂ ਦੁਕਾਨਾਂ 'ਤੇ ਹਮਲੇ ਕੀਤੇ ਅਤੇ ਉਨ੍ਹਾਂ 'ਚ ਅੱਗ ਲਗਾ ਦਿੱਤੀ।
ਘਟਨਾ ਸਿੰਧ ਸੂਬੇ ਦੇ ਮੀਰਪੁਰਖ਼ਾਸ 'ਚ ਪੈਂਦੇ ਫੁਲਡਾਏਨ ਨਗਰ ਦੀ ਹੈ। ਡਾਕਟਰ ਦਾ ਨਾਂ ਰਮੇਸ਼ ਕੁਮਾਰ ਹੈ। ਸਥਾਨਕ ਮਸਜਿਦ ਦੇ ਮੌਲਵੀ ਇਸ਼ਾਕ ਨੋਹਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਡਾਕਟਰ ਨੇ ਕੁਰਾਨ ਦੇ ਪੰਨੇ ਪਾੜ ਕੇ ਉਸ 'ਚ ਉਨ੍ਹਾਂ ਨੂੰ ਦਵਾਈ ਲਪੇਟ ਕੇ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਭੜਕੇ ਲੋਕਾਂ ਨੇ ਹਿੰਦੂਆਂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਅਤੇ ਸੜਕਾਂ ਵਿਚਕਾਰ ਟਾਇਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।
ਸਥਾਨਕ ਥਾਣਾ ਮੁਖੀ ਜਾਹਿਦ ਹੁਸੈਨ ਲਗਿਹਾਰੀ ਨੇ ਦੱਸਿਆ ਕਿ ਡਾਕਟਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ 'ਚ ਹਾਲੇ ਤਕ ਕੋਈ ਸਬੂਤ ਉਪਲੱਬਧ ਨਹੀਂ ਕਰਵਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਲਾਕੇ 'ਚ ਅਗਜਨੀ ਅਤੇ ਭੰਨਤੋੜ ਕੀਤੀ ਹੈ, ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਰਾਚੀ ਅਤੇ ਸਿੰਧ ਸੂਬੇ 'ਚ ਵੱਡੀ ਗਿਣਤੀ 'ਚ ਹਿੰਦੂ ਰਹਿੰਦੇ ਹਨ ਅਤੇ ਪਾਕਿਸਤਾਨ ਹਿੰਦੂ ਪ੍ਰੀਸ਼ਦ ਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਕਿ ਨਿੱਜੀ ਰੰਜਿਸ਼ 'ਚ ਈਸ਼ ਨਿੰਦਾ ਕਾਨੂੰਨ ਤਹਿਤ ਘੱਟਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਕਈ ਅਜਿਹੇ ਮਾਮਲੇ ਵੀ ਵੇਖਣ ਨੂੰ ਮਿਲੇ ਹਨ, ਜਦੋਂ ਹਿੰਦੂਆਂ ਅਤੇ ਈਸਾਈਆਂ ਨੂੰ ਆਪਸੀ ਰੰਜਿਸ਼ ਤਹਿਤ ਈਸ਼ ਨਿੰਦਾ ਦੇ ਮਾਮਲਿਆਂ 'ਚ ਫਸਾਇਆ ਗਿਆ ਹੈ।