ਬ੍ਰਿਟੇਨ ਦੇ 'ਸਕਿਪਿੰਗ ਸਿੱਖ' ਨੂੰ ਕੀਤਾ ਗਿਆ ਸਨਮਾਨਤ
ਰਾਜਿੰਦਰ ਸਿੰਘ ਦੀ ਵੀਡੀਉ ਨੂੰ ਯੂ-ਟਿਊਬ 'ਤੇ 2,50,000 ਤੋਂ ਵੱਧ ਲੋਕਾਂ ਨੇ ਵੇਖਿਆ........
ਲੰਡਨ: ਕੋਰੋਨ ਵਾਇਰਸ ਤਾਲਾਬੰਦੀ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਲਈ ਸਕਿਪਿੰਗ (ਰੱਸੀ ਟੱਪਣੀ) ਅਤੇ ਫ਼ੰਡ ਇੱਕਠਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'ਸਕਿਪਿੰਗ ਸਿੱਖ' ਵਜੋਂ ਪ੍ਰਸਿੱਧ ਹੋਏ ਰਾਜਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ 'ਪੁਆਇੰਟਸ ਆਫ਼ ਲਾਈਟ' ਐਵਾਰਡ ਨਾਲ ਸਨਮਾਨਤ ਕੀਤਾ।
ਪੱਛਮੀ ਲੰਡਨ ਦੇ ਹਰਲਿੰਗਟਨ ਦੇ 73 ਸਾਲਾ ਰਾਜਿੰਦਰ ਸਿੰਘ ਨੇ ਇਸ ਸਾਲ ਦੇ ਸ਼ੁਰੂ ਵਿਚ ਕਸਰਤ ਦੀਆਂ ਵੀਡੀਉ ਸੋਸ਼ਲ ਮੀਡੀਆ 'ਤੇ ਪੋਸਟ ਕਰਨੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੀਆਂ ਵੀਡੀਉ ਨੂੰ ਯੂ-ਟਿਊਬ 'ਤੇ 2,50,000 ਤੋਂ ਵੱਧ ਲੋਕਾਂ ਨੇ ਵੇਖਿਆ।
ਉਨ੍ਹਾਂ ਲੋਕਾਂ ਨੂੰ ਐਨ.ਐਚ.ਐਸ ਚੈਰਿਟੀ ਲਈ ਸਰਗਰਮ ਰਹਿਣ ਅਤੇ 12,000 ਪੌਂਡ ਤੋਂ ਵੱਧ ਫ਼ੰਡ ਇਕੱਠਾ ਕਰਨ ਲਈ ਉਤਸ਼ਾਹਤ ਕੀਤਾ। ਪ੍ਰਧਾਨ ਮੰਤਰੀ ਜੌਹਨਸਨ ਨੇ ਇਸ ਹਫ਼ਤੇ ਰਾਜਿੰਦਰ ਸਿੰਘ ਨੂੰ ਭੇਜੇ ਪੱਤਰ ਵਿਚ ਕਿਹਾ,''“ਤੁਹਾਡੀਆਂ 'ਸਕਿਪਿੰਗ ਸਿੱਖ' ਫਿਟਨੈਸ ਵੀਡੀਉ ਨੇ ਦੁਨੀਆਂ ਭਰ ਦੇ ਹਜ਼ਾਰਾਂ ਲੋਕਾਂ ਨੂੰ ਉਤਸ਼ਾਹਤ ਕੀਤਾ।
ਤੁਸੀਂ ਮੰਦਰ ਬੰਦ ਹੋਣ ਦੌਰਾਨ ਵੀ ਸਿੱਖਾਂ ਨੂੰ ਇਕਜੁਟ ਕਰਨ ਅਤੇ ਉਨ੍ਹਾਂ ਵਿਚ ਊਰਜਾ ਦਾ ਸੰਚਾਰ ਕਰਨ ਦਾ ਵਧੀਆ ਤਰੀਕਾ ਲੱਭਿਆ।' ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,''ਰਾਜਿੰਦਰ ਸਿੰਘ ਲਾਕਡਾਊਨ ਵਿਚ ਜਿਸ ਤਰ੍ਹਾਂ ਰੱਸੀ ਟੱਪਣ ਦੀ ਦੇਸ਼ ਦੇ ਲੋਕਾਂ ਨੂੰ ਚੁਨੌਤੀ ਅਤੇ ਅਪਣਾ ਮਨੋਬਲ ਉਚਾ ਰਖਣ ਲਈ ਉਤਸ਼ਾਹਤ ਕਰ ਰਹੇ ਹਨ।
ਉਸ ਲਈ ਮੈਂ ਉਨ੍ਹਾਂ ਦਾ ਨਿਜੀ ਤੌਰ 'ਤੇ ਬਹੁਤ ਧਨਵਾਦ ਅਦਾ ਕਰਦਾ ਹਾਂ।'' ਇਹ ਸਨਮਾਨ ਮਿਲਣ 'ਤੇ ਰਾਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਜੌਹਨਸਨ ਦਾ ਧਨਵਾਦ ਕੀਤਾ ਅਤੇ ਕਿਹਾ,''ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫ਼ਤਿਹ।
ਮੈਂ 'ਪੁਆਇੰਟ ਆਫ਼ ਲਾਈਟ' ਐਵਾਰਡ ਪ੍ਰਾਪਤ ਕਰ ਕੇ ਬਹੁਤ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਇਕ ਸਿੱਖ ਹੋਣ ਦੇ ਨਾਤੇ ਮੈਨੂੰ ਦੂਜਿਆਂ ਦੀ ਸੇਵਾ ਕਰਨਾ ਚੰਗਾ ਲੱਗਦਾ ਹੈ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ