ਡਰੱਗ ਤਸਕਰੀ ਨੂੰ ਲੈ ਕੇ ਪਾਕਿਸਤਾਨ ਦਾ ਵੱਡਾ ਕਬੂਲਨਾਮਾ, 'ਡ੍ਰੋਨ ਜ਼ਰੀਏ ਭਾਰਤ ਭੇਜ ਰਹੇ ਹਾਂ ਨਸ਼ੇ'
10-10 ਕਿਲੋ ਹੈਰੋਇਨ ਡ੍ਰੋਨ ਰਾਹੀਂ ਗਈ ਸੁੱਟੀ
ਇਸਲਾਮਾਬਾਦ: ਸਰਹੱਦ ਰਾਹੀਂ ਭਾਰਤ ਵਿਚ ਨਸ਼ੇ ਭੇਜਣ ਵਿਚ ਪਾਕਿਸਤਾਨ ਦੀ ਭੂਮਿਕਾ ਦਾ ਪਰਦਾਫਾਸ਼ ਹੋ ਗਿਆ ਹੈ। ਖ਼ਬਰ ਹੈ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦੇ ਕਰੀਬੀ ਸਹਿਯੋਗੀ ਮਲਿਕ ਮੁਹੰਮਦ ਅਹਿਮਦ ਖਾਨ ਨੇ ਖ਼ੁਦ ਮੰਨਿਆ ਹੈ ਕਿ ਪਾਕਿਸਤਾਨੀ ਤਸਕਰ ਭਾਰਤ ਨੂੰ ਡਰੱਗਜ਼ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਕਬੂਲਨਾਮਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਭਾਰਤ ਦੇ ਸਰਹੱਦੀ ਇਲਾਕਿਆਂ 'ਚ ਡਰੋਨ ਦੀਆਂ ਗਤੀਵਿਧੀਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਵਿਚ ਕਿਸੇ ਉੱਚ ਅਹੁਦੇ 'ਤੇ ਕਾਬਜ਼ ਵਿਅਕਤੀ ਨੇ ਕੈਮਰੇ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਪਾਕਿਸਤਾਨੀ ਤਸਕਰ ਭਾਰਤੀ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਹਾਈ-ਟੈਕ ਸਾਧਨਾਂ ਦੀ ਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਤਸਕਰੀ ਪਾਕਿਸਤਾਨੀ ਸ਼ਹਿਰ ਕਸੂਰ ਰਾਹੀਂ ਹੋ ਰਹੀ ਹੈ। ਇਹ ਸ਼ਹਿਰ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੈ ਅਤੇ ਭਾਰਤ ਦੇ ਪੰਜਾਬ ਦੇ ਖੇਮਕਰਨ ਅਤੇ ਫਿਰੋਜ਼ਪੁਰ ਨਾਲ ਲੱਗਦਾ ਹੈ। ਇਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਸ਼ਰੀਫ ਦੇ ਸਲਾਹਕਾਰ ਮਲਿਕ ਮੁਹੰਮਦ ਅਹਿਮਦ ਖਾਨ ਨੇ ਤਸਕਰੀ ਦਾ ਜ਼ਿਕਰ ਕੀਤਾ।
ਇੰਟਰਵਿਊ 'ਚ ਕਸੂਰ ਵਿਚ ਸਰਹੱਦ ਪਾਰ ਡਰੱਗ ਤਸਕਰੀ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਖਾਨ ਕਸੂਰ ਤੋਂ ਸੂਬਾਈ ਅਸੈਂਬਲੀ (ਐਮਪੀਏ) ਦੇ ਮੈਂਬਰ ਵੀ ਹਨ। ਇਸ 'ਤੇ ਉਨ੍ਹਾਂ ਨੇ ਜਵਾਬ ਦਿਤਾ ਕਿ ਹਾਲ ਹੀ ਵਿਚ ਇਥੇ ਦੋ ਘਟਨਾਵਾਂ ਵਾਪਰੀਆਂ, ਜਿਥੇ ਹਰ ਡਰੋਨ ਨਾਲ 10 ਕਿਲੋ ਹੈਰੋਇਨ ਨੱਥੀ ਕਰਕੇ ਸਰਹੱਦ ਪਾਰ ਸੁੱਟ ਦਿਤੀ ਗਈ।
ਏਜੰਸੀਆਂ ਇਸ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਪੰਜਾਬ ਪੁਲਿਸ ਦੇ ਅੰਕੜਿਆਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਨਸ਼ਿਆਂ ਦੇ ਸਭ ਤੋਂ ਵੱਧ ਕੇਸ ਸਿਰਫ਼ ਖੇਮਕਰਨ ਅਤੇ ਫਿਰੋਜ਼ਪੁਰ ਵਿਚ ਹੀ ਦਰਜ ਹੋਏ ਹਨ। ਪੰਜਾਬ ਪੁਲਿਸ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅੰਕੜੇ ਜਾਰੀ ਕੀਤੇ ਸਨ, ਜਿਸ ਅਨੁਸਾਰ 2022-2023 ਦੌਰਾਨ ਇਕੱਲੇ ਫਿਰੋਜ਼ਪੁਰ ਵਿੱਚ ਐਨਡੀਪੀਐਸ ਐਕਟ ਤਹਿਤ 795 ਐਫਆਈਆਰ ਦਰਜ ਕੀਤੀਆਂ ਗਈਆਂ ਸਨ।