ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇਗਾ, ਜਿੱਥੇ ਸਿੱਖਾਂ ਦਾ ਕਯਾਮ ਨਾ ਹੋਵੇ। ਕਈ ਦੇਸ਼ਾਂ ਵਿਚ ਤਾਂ ਸਿੱਖ ਵੱਡੇ-ਵੱਡੇ ਸਿਆਸੀ ਅਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਬਿਰਾਜਮਾਨ ਨੇ ਅਤੇ ਉਨ੍ਹਾਂ ਦਾ ਉਥੇ ਕਾਫ਼ੀ ਦਬਦਬਾ ਵੀ ਹੈ।
ਕੀ ਤੁਸੀਂ ਜਾਣਦੇ ਓ ਕਿ ਕਿਸੇ ਸਮੇਂ ਚੀਨ ਵਿਚ ਵੀ ਵੱਡੀ ਗਿਣਤੀ ਸਿੱਖ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਾਫ਼ੀ ਦਬਦਬਾ ਸੀ। ਜੀ ਹਾਂ, ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਵਿਚ ਕਿਸੇ ਸਮੇਂ ਸਿੱਖ ਪੁਲਿਸ ਕਰਮੀਆਂ ਦਾ ਇੰਨਾ ਰੋਹਬ ਹੁੰਦਾ ਸੀ ਕਿ ਚੀਨੀ ਲੋਕ ਉਨ੍ਹਾਂ ਨਾਲ ਅੱਖ ਮਿਲਾਉਣ ਤੋਂ ਵੀ ਡਰਦੇ ਸਨ।
ਇਹ ਗੱਲ 1940 ਦੀ ਹ ਜਦੋਂ ਸ਼ੰਘਾਈ ਵਿਚ 3 ਹਜ਼ਾਰ ਦੇ ਕਰੀਬ ਸਿੱਖ ਰਹਿੰਦੇ ਸਨ। ਉਨ੍ਹਾਂ ਦੀ ਉਥੇ ਇਕ ਕਲੋਨੀ ਸੀ ਅਤੇ ਇਕ ਗੁਰਦੁਆਰਾ ਸਾਹਿਬ ਵੀ ਸੀ ਪਰ 1949 ਮਗਰੋਂ ਸਥਿਤੀ ਬਦਲਣੀ ਸ਼ੁਰੂ ਹੋ ਗਈ। ਆਓ ਤੁਹਾਨੂੰ ਦੱਸਦੇ ਆਂ, ਕੀ ਹੈ ਚੀਨ ਵਿਚ ਸਿੱਖਾਂ ਦਾ ਇਤਿਹਾਸ
ਗੱਲ 1842 ਅਤੇ 1860 ਦੇ ਅਫ਼ੀਮ ਯੁੱਧ ਵੇਲੇ ਦੀ ਹੈ, ਜਦੋਂ ਅੰਗਰੇਜ਼ਾਂ ਨੇ ਚੀਨ ਨੂੰ ਹਰਾ ਕੇ ਸ਼ੰਘਾਈ 'ਤੇ ਕਬਜ਼ਾ ਜਮਾ ਲਿਆ ਸੀ ਪਰ ਚੀਨੀਆਂ ਨੂੰ ਕਾਬੂ ਵਿਚ ਰੱਖਣਾ ਅੰਗਰੇਜ਼ਾਂ ਦੇ ਵੱਸ ਦੀ ਗੱਲ ਨਹੀਂ ਸੀ।
ਇਸ ਤੋਂ ਤੰਗ ਹੋਏ ਬ੍ਰਿਟਿਸ਼ ਭਾਰਤ ਦੇ ਅੰਗਰੇਜ਼ ਅਫ਼ਸਰਾਂ ਨੇ ਲੰਬੇ ਚੌੜੇ ਸਿੱਖ ਨੌਜਵਾਨਾਂ ਨੂੰ ਸ਼ੰਘਾਈ ਭੇਜ ਦਿੱਤਾ ਅਤੇ ਉਨ੍ਹਾਂ ਨੂੰ ਸ਼ੰਘਾਈ ਮਿਊਂਸਪਲ ਪੁਲਿਸ ਵਿਚ ਭਰਤੀ ਕਰ ਦਿੱਤਾ। ਇਹ ਸਿਲਸਿਲਾ 1884 ਵਿਚ ਸ਼ੁਰੂ ਹੋਇਆ। ਚੰਗੀ ਤਨਖਾਹ ਹੋਣ ਕਾਰਨ ਸ਼ੰਘਾਈ ਜਾਣ ਵਾਲੇ ਸਿੱਖਾਂ ਦੀ ਗਿਣਤੀ ਲਗਾਤਾਰ ਵਧਦੀ ਚਲੀ ਗਈ।
ਇਮਾਨਦਾਰ ਹੋਣ ਚੀਨ ਦੇ ਲੋਕ ਵੀ ਸਿੱਖਾਂ ਨੂੰ ਪੁਲਿਸ ਕਰਮੀਆਂ ਦੇ ਰੂਪ ਵਿਚ ਪਸੰਦ ਕਰਨ ਲੱਗੇ ਕਿਉਂਕਿ ਉਸ ਸਮੇਂ ਚੀਨੀ ਰਾਜਾਸ਼ਾਹੀ ਦੇ ਕਰਿੰਦਿਆਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਸੰਨ 1920 ਦੌਰਾਨ ਸ਼ੰਘਾਈ ਮਿਉਂਸਪਲ ਪੁਲਿਸ ਫੋਰਸ ਵਿਚ 513 ਸਿੱਖ ਬਹਾਲ ਸਨ,ਜਿਨ੍ਹਾਂ ਦਾ ਸ਼ੰਘਾਈ ਵਿਚ ਕਾਫ਼ੀ ਦਬਦਬਾ ਸੀ।
ਸਿੱਖਾਂ ਨੂੰ ਵੀ ਉਥੋਂ ਦਾ ਪੌਣ ਪਾਣੀ ਰਾਸ ਆ ਗਿਆ, ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਚੀਨੀ ਔਰਤਾਂ ਨਾਲ ਵਿਆਹ ਕਰਵਾ ਲਿਆ। ਚੀਨੀ ਔਰਤਾਂ ਵੀ ਵਿਆਹ ਮਗਰੋਂ ਸਿੱਖ ਧਰਮ ਸਵੀਕਾਰ ਕਰ ਲੈਂਦੀਆਂ ਸਨ। 1941 ਵਿਚ ਜਾਪਾਨ ਨੇ ਚੀਨ 'ਤੇ ਹਮਲਾ ਕਰਕੇ ਸ਼ੰਘਾਈ 'ਤੇ ਕਬਜ਼ਾ ਜਮਾ ਲਿਆ, ਜਿਸ ਤੋਂ ਬਾਅਦ ਉਥੇ ਅੰਗਰੇਜ਼ਾਂ ਦਾ ਪ੍ਰਭਾਵ ਖ਼ਤਮ ਹੋ ਗਿਆ ਪਰ ਸਿੱਖ ਉਥੇ ਹੀ ਨੌਕਰੀ ਕਰਦੇ ਰਹੇ।
ਜਾਪਾਨ ਦੀ ਇਸ ਕਾਰਵਾਈ ਮਗਰੋਂ ਨੇਤਾਜੀ ਸੁਭਾਸ਼ ਚੰਦਰ ਬੋਸ ਵੀ ਸ਼ੰਘਾਈ ਗਏ ਸਨ ਅਤੇ ਸਿੱਖਾਂ ਨੂੰ ਆਜ਼ਾਦ ਹਿੰਦ ਫ਼ੌਜ ਵਿਚ ਭਰਤੀ ਹੋਣ ਦੀ ਅਪੀਲ ਕੀਤੀ ਸੀ ਪਰ ਨੇਤਾਜੀ ਦੀ ਅਚਾਨਕ ਹੋਈ ਮੌਤ ਅਤੇ ਦੂਜੇ ਵਿਸ਼ਵਯੁੱਧ ਵਿਚ ਜਾਪਾਨ ਦੀ ਹਾਰ ਨੇ ਇਨ੍ਹਾਂ ਸੰਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ।
ਇਸ ਮਗਰੋਂ ਚੀਨ ਦੀ ਸੱਤਾ 'ਤੇ ਕਮਿਊਨਿਸਟ ਮਾਓ ਸੇ ਤੁੰਗ ਦਾ ਸ਼ਾਸਨ ਆ ਗਿਆ ਅਤੇ ਤੁੰਗ ਨੂੰ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਕਿ ਕੋਈ ਭਾਰਤੀ ਨੌਜਵਾਨ ਚੀਨ ਦੀ ਪੁਲਿਸ ਵਿਚ ਕੰਮ ਕਰੇ ਜਾਂ ਉਨ੍ਹਾਂ ਦੇ ਲੋਕਾਂ 'ਤੇ ਰੋਹਬ ਝਾੜੇ।
ਇਸ ਲਈ ਉਸ ਨੇ ਸਿੱਖਾਂ ਨੂੰ ਪੁਲਿਸ ਦੀ ਨੌਕਰੀ ਤੋਂ ਹਟਾ ਦਿੱਤਾ। ਕੁੱਝ ਦਿਨਾਂ ਤਕ ਉਹ ਸਕਿਓਰਟੀ ਗਾਰਡ ਅਤੇ ਦੂਜੇ ਕੰਮ ਕਰਦੇ ਰਹੇ ਪਰ ਫਿਰ ਹੌਲੀ ਹੌਲੀ ਸਿੱਖਾਂ ਨੇ ਸ਼ੰਘਾਈ ਤੋਂ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਨਵੀਂ ਪੀੜ੍ਹੀ ਵੀ ਚੀਨ ਵਿਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਈ ਸੀ।
1973 ਤਕ ਸ਼ੰਘਾਈ ਵਿਚ ਸਾਰੇ ਸਿੱਖ ਚਲੇ ਗਏ, ਸ਼ਾਇਦ ਹੀ ਕੋਈ ਬਚਿਆ ਹੋਵੇਗਾ। ਸਿੱਖਾਂ ਦੇ ਜਾਣ ਮਗਰੋਂ ਸ਼ੰਘਾਈ ਦੇ ਡੋਂਗ ਬਾਇਓ ਰਿੰਗ ਰੋਡ 'ਤੇ ਬਣੇ ਸ਼ਾਨਦਾਰ ਗੁਰਦੁਆਰਾ ਸਾਹਿਬ ਨੂੰ ਇਕ ਰਿਹਾਇਸ਼ੀ ਮਕਾਨ ਵਿਚ ਬਦਲ ਦਿੱਤਾ ਗਿਆ।
ਭਾਵੇਂ ਕਿ ਅੱਜ ਵੀ ਚੀਨ ਵਿਚ ਕਾਫ਼ੀ ਸਿੱਖ ਰਹਿੰਦੇ ਨੇ ਪਰ ਉਹ ਸਿਰਫ਼ ਵਪਾਰੀ ਬਣ ਕੇ ਰਹਿ ਗਏ ਨੇ ਕਿਉਂਕਿ ਚੀਨੀ ਸਰਕਾਰ ਦੀਆਂ ਸਖ਼ਤ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਅਪਣੇ ਧਾਰਮਿਕ ਕਾਰਜ ਵੀ ਲੁਕ ਛਿਪ ਕੇ ਕਰਨੇ ਪੈਂਦੇ ਨੇ।
ਅਪਣੇ ਰਿਹਾਇਸ਼ੀ ਮਕਾਨਾਂ ਨੂੰ ਹੀ ਉਨ੍ਹਾਂ ਨੂੰ ਗੁਰਦੁਆਰਿਆਂ ਦਾ ਰੂਪ ਦੇਣਾ ਪੈਂਦਾ ਏ ਪਰ ਇਸ ਸਭ ਦੇ ਚਲਦਿਆਂ ਚੀਨ ਦਾ ਸ਼ਹਿਰ ਯੀਬੂ ਵਿਚ ਤਸਵੀਰ ਫਿਰ ਤੋਂ ਬਦਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਚੀਨੀ ਸਰਕਾਰ ਨੇ ਇੱਥੇ ਅਪਣੀਆਂ ਨੀਤੀਆਂ ਨੂੰ ਬਦਲ ਕੇ ਵਿਦੇਸ਼ੀਆਂ ਲਈ ਕਾਰੋਬਾਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ, ਜਿਸ ਦੇ ਮੱਦੇਨਜ਼ਰ ਇਹ ਸ਼ਹਿਰ ਮਹਿਜ਼ 20 ਸਾਲਾਂ ਦੇ ਅੰਦਰ ਹੀ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਨੂੰ ਟੱਕਰ ਦੇਣ ਲੱਗਿਆ।
2011 ਤੋਂ 2013 ਦੇ ਵਿਚਕਾਰ ਯੀਬੂ ਵਿਚ ਕਰੀਬ ਚਾਰ ਲੱਖ ਭਾਰਤੀ ਕਾਰੋਬਾਰੀ ਆਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਕਾਰੋਬਾਰੀ ਸਨ ਜੋ ਇੱਥੇ ਅਪਣਾ ਸਥਾਪਿਤ ਕਾਰੋਬਾਰ ਕਰ ਰਹੇ ਨੇ। ਅੱਜ ਯੀਬੂ ਸ਼ਹਿਰ ਵਿਚ ਇਕ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਐ। ਸਿੱਖ ਬੱਚਿਆਂ ਦੀ ਪੜ੍ਹਾਈ ਚੀਨ ਦੀ ਮੰਦਾਰਿਨ ਭਾਸ਼ਾ ਵਿਚ ਹੁੰਦੀ ਹੈ।
ਜਦਕਿ ਗੁਰਮੁਖੀ ਲਿਖਣਾ ਅਤੇ ਪੜ੍ਹਨਾ ਉਨ੍ਹਾਂ ਨੂੰ ਘਰਾਂ ਵਿਚ ਸਿਖਾਇਆ ਜਾਂਦੈ। ਭਾਵੇਂ ਕਿ ਅੱਜ ਵੀ ਚੀਨੀ ਲੋਕ ਸਿੱਖਾਂ ਦੀ ਬਹਾਦਰੀ ਅਤੇ ਇਮਾਨਦਾਰੀ ਤੋਂ ਪੂਰੀ ਤਰ੍ਹਾਂ ਵਾਕਿਫ਼ ਨੇ ਪਰ ਕਮਿਊਨਿਸਟ ਤਾਨਸ਼ਾਹੀ ਨੇ ਚੀਨ ਵਿਚ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਖ਼ਤਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ।