ਅਮਰੀਕਾ ਵੱਲੋਂ ਆਪਣੇ ਦੂਤਾਵਾਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਨਾਈਜੀਰੀਆ ਦੀ ਰਾਜਧਾਨੀ ਛੱਡਣ ਦੇ ਹੁਕਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਅੱਤਵਾਦੀ ਖ਼ਤਰਿਆਂ ਕਾਰਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੇ ਨਿਰਦੇਸ਼

Nigeria: US orders diplomats' families to depart Abuja

 

ਵਾਸ਼ਿੰਗਟਨ - ਅਮਰੀਕਾ ਨੇ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਸਥਿਤ ਆਪਣੇ ਦੂਤਾਵਾਸ 'ਚ ਤਾਇਨਾਤ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸਾਰੇ ਅਮਰੀਕੀਆਂ ਨੂੰ ਨਾਈਜੀਰੀਆ ਦੇ ਕਿਸੇ ਵੀ ਹਿੱਸੇ ਦੀ ਯਾਤਰਾ ਕਰਨ ਬਾਰੇ ਮੁੜ ਵਿਚਾਰ ਕਰਨ ਅਤੇ ਅਬੂਜਾ ਦੀ ਯਾਤਰਾ ਨਾ ਕਰਨ ਲਈ ਕਿਹਾ ਹੈ। ਮੰਤਰਾਲੇ ਨੇ ਇਹ ਨਿਰਦੇਸ਼ ਵਧਦੇ ਅੱਤਵਾਦੀ ਖ਼ਤਰਿਆਂ ਦੇ ਮੱਦੇਨਜ਼ਰ ਜਾਰੀ ਕੀਤੇ ਹਨ।

ਅਬੂਜਾ ਵਿੱਚ ਅਮਰੀਕੀ ਦੂਤਾਵਾਸ 'ਚ ਗ਼ੈਰ-ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਦੀ ਚਿੰਤਾ ਕਰਕੇ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦੀ ਇਜਾਜ਼ਤ ਦੇਣ ਤੋਂ ਦੋ ਦਿਨ ਬਾਅਦ ਮੰਤਰਾਲਾ ਨੇ ਇਹ ਕਦਮ ਚੁੱਕਿਆ ਹੈ। ਇਸ ਸੰਬੰਧ ਵਿੱਚ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਗਈ, ਪਰ ਅਮਰੀਕਾ ਦੇ ਇਸ ਕਦਮ ਤੋਂ ਅਜਿਹਾ ਲੱਗਦਾ ਹੈ ਕਿ ਹਮਲੇ ਦਾ ਸੰਭਾਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਵਿਦੇਸ਼ ਵਿਭਾਗ ਨੇ ਨਾਈਜੀਰੀਆ ਲਈ ਜਾਰੀ ਐਡਵਾਇਜ਼ਰੀ ਵਿੱਚ ਕਿਹਾ, "ਮੰਤਰਾਲੇ ਨੇ ਵਧ ਰਹੇ ਅੱਤਵਾਦੀ ਖ਼ਤਰੇ ਵਿਚਕਾਰ ਅਬੂਜਾ ਵਿੱਚ ਅਮਰੀਕੀ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਉੱਥੋਂ ਨਿੱਕਲਣ ਦਾ ਆਦੇਸ਼ ਦਿੱਤਾ ਹੈ।" ਨਾਈਜੀਰੀਆ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੇ ਉੱਤਰ-ਪੂਰਬ ਵਿੱਚ ਇਸਲਾਮੀ ਕੱਟੜਪੰਥੀਆਂ ਦੇ ਵਿਦਰੋਹ ਨਾਲ ਜੂਝ ਰਿਹਾ ਹੈ। ਹਾਲਾਂਕਿ, ਅਬੂਜਾ ਵਿੱਚ ਹਮਲੇ ਘੱਟ ਹੀ ਹੋਏ ਹਨ।

ਜ਼ਿਕਰਯੋਗ ਹੈ ਕਿ ਅਬੂਜਾ ਸਥਿਤ ਅਮਰੀਕੀ ਦੂਤਾਵਾਸ ਨੇ 'ਅੱਤਵਾਦੀ ਹਮਲਿਆਂ ਦੇ ਵਧਦੇ ਖ਼ਤਰੇ' ਦੇ ਮੱਦੇਨਜ਼ਰ ਐਤਵਾਰ ਨੂੰ 'ਅਲਰਟ' ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਰਕਾਰੀ ਇਮਾਰਤਾਂ, ਧਾਰਮਿਕ ਸਥਾਨਾਂ ਅਤੇ ਹੋਰ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਨਾਈਜੀਰੀਆ ਵਿੱਚ ਯੂਕੇ ਹਾਈ ਕਮਿਸ਼ਨ ਨੇ ਵੀ ਇਸੇ ਤਰ੍ਹਾਂ ਦੇ 'ਅਲਰਟ' ਜਾਰੀ ਕੀਤੇ ਸੀ।