ਮਾਊਂਟ ਐਵਰੈਸਟ ਤੋਂ ਹਟਾਇਆ 3000 ਕਿਲੋ ਕੂੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੇਪਾਲ ਨੇ ਚਲਾਈ 45 ਦਿਨਾਂ ਸਫ਼ਾਈ ਮੁਹਿੰਮ

Mount Everest region cleaned off 3000kg garbage by Nepal govt

ਕਾਠਮੰਡੂ : ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਮਾਊਂਟ ਐਵਰੈਸਟ ਤੋਂ 3000 ਕਿਲੋ ਕੂੜਾ ਇਕੱਤਰ ਕੀਤਾ ਗਿਆ ਹੈ। ਨੇਪਾਲ ਸਰਕਾਰ ਨੇ 14 ਅਪ੍ਰੈਲ ਤੋਂ 45 ਦਿਨ ਦੀ ਸਫ਼ਾਈ ਮੁਹਿੰਮ ਚਲਾਈ ਹੋਈ ਹੈ। ਇਸ ਤਹਿਤ 10 ਹਜ਼ਾਰ ਕਿਲੋ ਕੂੜਾ ਇਕੱਤਰ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਇਸ ਮੁਹਿੰਮ 'ਤੇ ਲਗਭਗ 1 ਕਰੋੜ 43 ਲੱਖ ਰੁਪਏ ਖ਼ਰਚੇ ਜਾਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਸਾਰਾ ਕੂੜਾ ਕਾਠਮੰਡੂ ਲਿਆ ਕੇ ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਲੋਕਾਂ ਨੂੰ ਵਿਖਾਇਆ ਜਾਵੇਗਾ ਅਤੇ ਨਸ਼ਟ ਕੀਤਾ ਜਾਵੇਗਾ।

ਇਕ ਅਧਿਕਾਰੀ ਨੇ ਦਸਿਆ ਕਿ ਹੁਣ ਤਕ ਇਕੱਠੇ ਕੀਤੇ ਗਏ ਤਿੰਨ ਹਜ਼ਾਰ ਕਿਲੋ ਕੂੜੇ ਵਿਚੋਂ 2000 ਕਿਲੋ ਕੂੜਾ ਪਲਾਂਟਾਂ ਵਿਚ ਸੋਧਣ ਲਈ ਭੇਜਿਆ ਗਿਆ ਹੈ ਜਦਕਿ ਬਾਕੀ 1000 ਕਿਲੋ ਕੂੜਾ ਫ਼ੌਜ ਦੇ ਹੈਲਾਕਾਪਟਰਾਂ ਰਾਹੀਂ ਕਾਠਮੰਡੂ ਲਿਆਂਦਾ ਗਿਆ ਹੈ।  ਐਵਰੈਸਟ 'ਤੇ ਜਿਹੜਾ ਕੂੜਾ ਮਿਲਿਆ ਹੈ ਉਹ ਜਾਂ ਤਾਂ ਪਰਬਤਾਰੋਹੀ ਉੱਥੇ ਪਹੁੰਚਾ ਰਹੇ ਹਨ ਜਾਂ ਫਿਰ ਉੱਚੇ ਖੇਤਰਾਂ 'ਚ ਕੰਮ ਕਰਨ ਵਾਲੇ ਕੁਲੀ। 

ਐਵਰੈਸਟ ਤੋਂ ਜਿਹੜਾ ਕੂੜਾ ਇਕੱਤਰ ਕੀਤਾ ਗਿਆ ਹੈ, ਉਸ 'ਚ ਪਲਾਸਟਿਕ, ਬੀਅਰ ਦੀਆਂ ਬੋਤਲਾਂ, ਕਾਸਮੈਟਿਕ ਦੇ ਕਵਰ ਆਦਿ ਚੀਜ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕੂੜਾ ਇਕੱਤਰ ਕਰਨ ਵਾਲੀਆਂ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇ ਕੋਈ ਲਾਸ਼ ਮਿਲੇ ਤਾਂ ਉਸ ਨੂੰ ਵੀ ਪਹਾੜੀ ਤੋਂ ਹੇਠਾਂ ਲਿਆਂਦਾ ਜਾਵੇ। ਹਾਲੇ ਤਕ 4 ਲਾਸ਼ਾਂ ਉੱਪਰੀ ਖੇਤਰ 'ਚ ਮਿਲੀਆਂ ਹਨ।