ਐਵਰੈਸਟ ਸਰ ਕਰਨ ਵਾਲੀ ਪਹਿਲੀ ਸਿੱਖ ਜੋੜੀ ਨੇ ਟੀਸੀ ’ਤੇ ਝੁਲਾਇਆ ਨਿਸ਼ਾਨ ਸਾਹਿਬ
ਦੋਵਾਂ ਨੇ ਟੀਸੀ ’ਤੇ ਪੈਰ ਧਰਦਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰੀ ‘ਗਗਨ ਮੈ ਥਾਲੁ’ ਆਰਤੀ ਕੀਤੀ
ਚੰਡੀਗੜ੍ਹ, 29 ਮਈ (ਮਹਿਤਾਬ-ਉਦ-ਦੀਨ): ਹਰਪ੍ਰੀਤ ਸਿੰਘ ਚੀਮਾ ਤੇ ਨਵਨੀਤ ਕੌਰ ਚੀਮਾ ਦੀ ਜੋੜੀ ਨੇ ਬੀਤੀ 23 ਮਈ ਨੂੰ ਸਵੇਰੇ 7:50 ਵਜੇ ਦੁਨੀਆ ਦੀ ਸੱਭ ਤੋਂ ਉਚੀ ਟੀਸੀ ਐਵਰੈਸਟ ਨੂੰ ਸਰ ਕਰ ਲਿਆ। ਇੰਝ ਇਹ 8,848.86 ਕਿਲੋਮੀਟਰ ਉਚੀ ਟੀਸੀ ਸਰ ਕਰਨ ਵਾਲੀ ਪਹਿਲੀ ਸਿੱਖ ਜੋੜੀ ਬਣ ਗਈ ਹੈ। ਉਨ੍ਹਾਂ ਦੋਵਾਂ ਨੇ ਟੀਸੀ ’ਤੇ ਪੈਰ ਧਰਦਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰੀ ‘ਗਗਨ ਮੈ ਥਾਲੁ’ ਆਰਤੀ ਕੀਤੀ। ਫਿਰ ਉਨ੍ਹਾਂ ਨੇ ਸਿੱਖ ਪੰਥ ਦਾ ਝੰਡਾ ‘ਨਿਸ਼ਾਨ ਸਾਹਿਬ’ ਵੀ ਉਸ ਚੋਟੀ ’ਤੇ ਝੁਲਾਇਆ, ਜਿਸ ਦੀ ਤਸਵੀਰ ‘14 ਪੀਕਸ ਐਕਸਪੈਡੀਸ਼ਨ’ ਨੇ ਇੰਸਟਾਗ੍ਰਾਮ ’ਤੇ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਕਾਠਮੰਡੂ ਤੋਂ ਭਾਰਤੀ ਮੀਡੀਆ ਨਾਲ ਵੀ ਗਲਬਾਤ ਕੀਤੀ।
47 ਸਾਲਾ ਹਰਪ੍ਰੀਤ ਸਿੰਘ ਚੀਮਾ ਅਤੇ 40 ਸਾਲਾ ਨਵਨੀਤ ਕੌਰ ਚੀਮਾ ਇਸ ਵੇਲੇ ਅਮਰੀਕੀ ਸੂਬੇ ਮਿਸ਼ੀਗਨ ਦੇ ਨਾਗਰਿਕ ਹਨ। ਉਨ੍ਹਾਂ ਦਸਿਆ ਕਿ ਮਾਊਂਟ ਐਵਰੈਸਟ ’ਤੇ ਆਕਸੀਜਨ ਦੀ ਬਹੁਤ ਘਾਟ ਹੈ। ਹਰਪ੍ਰੀਤ ਸਿੰਘ ਚੀਮਾ ਸੰਗਰੂਰ ਲਾਗਲੇ ਪਿੰਡ ਕੰਮੋ ਮਾਜਰਾ ਖੁਰਦ ਦੇ ਅਤੇ ਨਵਨੀਤ ਕੌਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਿਆਣ ਦੇ ਜੰਮਪਲ ਹਨ।
ਹਰਪ੍ਰੀਤ ਸਿੰਘ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਹਨ। ਇੰਗਲੈਂਡ ਜਾਣ ਤੋਂ ਪਹਿਲਾਂ ਉਨ੍ਹਾਂ ਮੁੰਬਈ ’ਚ ਮੈਡੀਕਲ ਉਪਕਰਣ ਬਣਾਉਣ ਵਾਲੀ ਕੰਪਨੀ ‘ਐਬਟ ਲੈਬਜ਼’ ’ਚ ਕੰਮ ਕੀਤਾ। ਸਾਲ 2007 ’ਚ ਉਹ ਨਵਨੀਤ ਕੌਰ ਨੂੰ ਮਿਲੇ, ਜੋ ਅਪਣੇ ਪਰਿਵਾਰ ਨਾਲ 1988 ’ਚ ਹੀ ਅਮਰੀਕਾ ਜਾ ਵਸੇ ਸਨ। ਤਦ ਉਹ ਵਾਸ਼ਿੰਗਟਨ ਸੂਬੇ ’ਚ ਸਿਆਟਲ ਵਿਖੇ ਰਹਿੰਦੇ ਸਨ। ਉਸੇ ਵਰ੍ਹੇ ਵਿਆਹ ਵੇਲੇ ਦੋਵਾਂ ਨੂੰ ਮੈਰਾਥਨ ਤੇ ਸਾਇਕਲ ਦੌੜਾਂ ’ਚ ਭਾਗ ਲੈਣ ਦਾ ਡਾਢਾ ਸ਼ੌਕ ਸੀ।
ਸਾਲ 2019 ’ਚ ਉਨ੍ਹਾਂ ਨੇ ਪੇਰੂ ਦੇਸ਼ ਦੀ 2,430 ਮੀਟਰ ਉਚੇਰੀ ਟੀਸੀ ਮਚੂ ਪਿਛੂ ਨੂੰ ਸਰ ਕੀਤਾ ਸੀ। ਫਿਰ ਉਨ੍ਹਾਂ ਨੇ ਅਫ਼ਰੀਕਾ ਦੀ 5,895 ਮੀਟਰ ਉਚੀ ਕਿਲੀਮਿੰਜਾਰੋ ਟੀਸੀ ਨੂੰ ਸਰ ਕੀਤਾ। ਸਾਲ 2022 ’ਚ ਉਨ੍ਹਾਂ ਨੇ ਯੂਰੋਪ ਦੀ ਸੱਭ ਤੋਂ ਉਚੀ ਐਲਬ੍ਰਸ ਟੀਸੀ ’ਤੇ ਝੰਡੇ ਗੱਡੇ ਸਨ। ਪਿਛਲੇ ਵਰ੍ਹੇ 14 ਜਨਵਰੀ ਨੂੰ ਉਨ੍ਹਾਂ ਨੇ ਅਮਰੀਕੀ ਸੂਬੇ ਅਲਾਸਕਾ ਸਥਿਤ 6,194 ਮੀਟਰ ਉਚੀਡੇਨਾਲੀ ਟੀਸੀ ਨੂੰ ਸਰ ਕੀਤਾ ਸੀ।