ਦੁਨੀਆਂ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ

ਏਜੰਸੀ

ਖ਼ਬਰਾਂ, ਕੌਮਾਂਤਰੀ

20 ਰੈਸਟੋਰੈਂਟ, 2,867 ਕੈਬਿਨ, ਕੈਸੀਨੋ, ਸਪਾ, ਸਵੀਮਿੰਗ ਪੂਲ, ਫਿਟਨੈਸ ਸੈਂਟਰ ਅਤੇ ਚਿਲਡਰਨ ਵਾਟਰ ਪਾਰਕ ਵੀ ਬਣਾਇਆ ਗਿਆ

photo

 

ਨਵੀਂ ਦਿੱਲੀ : ਸਮੁੰਦਰ ਦੇ ਕੁਦਰਤੀ ਨਜ਼ਾਰਿਆਂ ਨੂੰ ਗ੍ਰਹਿਣ ਕਰਨ ਵਾਲੇ ਕਰੂਜ਼ ਜਹਾਜ਼ਾਂ ਨੂੰ ਦੇਖ ਕੇ ਹਰ ਕਿਸੇ ਦਾ ਮਨ ਰੋਮਾਂਚਿਤ ਹੋ ਜਾਂਦਾ ਹੈ। ਹਰ ਕੋਈ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ ਇਕ ਵਾਰ ਕਰੂਜ਼ ਸਮੁੰਦਰੀ ਜਹਾਜ਼ ਵਿਚ ਕੁਝ ਦਿਨ ਬਿਤਾਉਣ ਦਾ ਸੁਪਨਾ ਲੈਂਦਾ ਹੈ।

ਜੇਕਰ ਤੁਸੀਂ ਵੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਦੁਨੀਆਂ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ 'ਆਈਕਨ ਆਫ ਦਿ ਸੀਜ਼' ਨੂੰ ਬੁੱਕ ਕਰ ਸਕਦੇ ਹੋ, ਜੋ ਸਾਲ 2024 'ਚ ਆਪਣੀ ਪਹਿਲੀ ਯਾਤਰਾ 'ਤੇ ਜਾਣ ਵਾਲਾ ਹੈ।

ਦੁਨੀਆਂ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਫਿਨਲੈਂਡ ਦੇ ਇਕ ਸ਼ਿਪਯਾਰਡ ’ਚ ਨਿਰਮਾਣ ਪੂਰਾ ਕਰ ਲਿਆ ਗਿਆ ਹੈ। ਕਰੂਜ਼ ਕੰਪਨੀ ਰਾਇਲ ਕੈਰੇਬੀਅਨ ਰਾਇਲ ਦੁਆਰਾ ਬਣਾਇਆ ਗਿਆ ਦੁਨੀਆਂ ਦਾ ਸਭ ਤੋਂ ਵੱਡਾ ਕਰੂਜ਼ ਜਹਾਜ਼ ਹਾਲ ਹੀ ਵਿਚ ਆਪਣੇ ਸਾਰੇ ਟੈਸਟਾਂ ਨੂੰ ਪਾਸ ਕਰ ਚੁੱਕਾ ਹੈ।

ਰਿਪੋਰਟਾਂ ਦੇ ਅਨੁਸਾਰ, 450 ਤੋਂ ਵੱਧ ਕਰੂਜ਼ ਸ਼ਿਪ ਮਾਹਰਾਂ ਨੇ ਇਸ ਦੀ ਕਾਰਜਸ਼ੀਲਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 4 ਦਿਨਾਂ ਵਿਚ ਇਸ ਦੇ ਇੰਜਣ, ਸਟੀਅਰਿੰਗ, ਬ੍ਰੇਕਿੰਗ ਸਿਸਟਮ, ਵਾਈਬ੍ਰੇਸ਼ਨ ਅਤੇ ਸ਼ੋਰ ਦੇ ਪੱਧਰਾਂ ਦੀ ਜਾਂਚ ਕੀਤੀ।

ਹੁਣ ਜਨਵਰੀ 2024 ਵਿਚ, ਇਹ ਆਖਰਕਾਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

'ਆਈਕਨ ਆਫ ਦਿ ਸੀਜ਼' 365 ਮੀਟਰ ਲੰਬਾ ਕਰੂਜ਼ ਸ਼ਿਪ ਹੈ ਅਤੇ ਇਸ ਦਾ ਵਜ਼ਨ ਲਗਭਗ 2,51,000 ਟਨ ਹੋਵੇਗਾ। ਇਹ ਆਸਾਨੀ ਨਾਲ 5,600 ਯਾਤਰੀਆਂ ਅਤੇ 2,300 ਚਾਲਕ ਦਲ ਦੇ ਮੈਂਬਰਾਂ ਨੂੰ ਇੱਕੋ ਸਮੇਂ ਲੈ ਜਾ ਸਕਦਾ ਹੈ।

ਇਸ ਕਰੂਜ਼ ’ਤੇ 16 ਡੇਕ ਹਨ, ਯਾਨੀ ਇਹ 16 ਮੰਜ਼ਿਲਾ ਹੈ। ਇੱਥੇ ਮਹਿਮਾਨਾਂ ਦੀ ਸਹੂਲਤ ਲਈ 20 ਰੈਸਟੋਰੈਂਟ ਅਤੇ 2,867 ਕੈਬਿਨ ਹਨ। ਜਹਾਜ਼ ’ਚ ਇਕ ਕੈਸੀਨੋ, ਸਪਾ, ਸਵੀਮਿੰਗ ਪੂਲ, ਫਿਟਨੈਸ ਸੈਂਟਰ ਵੀ ਮੌਜੂਦ ਹੈ। ਇਸ ਕਰੂਜ਼ ’ਚ ਬੱਚਿਆਂ ਲਈ ਚਿਲਡਰਨ ਵਾਟਰ ਪਾਰਕ ਵੀ ਬਣਾਇਆ ਗਿਆ ਹੈ। ਦੁਨੀਆ ਦੇ ਇਸ ਸਭ ਤੋਂ ਵੱਡੇ ਕਰੂਜ਼ ਸ਼ਿਪ ਦਾ ਨਿਰਮਾਣ ਰਾਇਲ ਕੈਰੇਬੀਅਨ ਨੇ ਕੀਤਾ ਹੈ। ਇਸ ਅਨੋਖੇ ਜਹਾਜ਼ ’ਤੇ ਸੈਂਟਰਲ ਪਾਰਕ ਵੀ ਹੈ। ਇਸ ਪਾਰਕ ’ਚ ਨਕਲੀ ਰੁੱਖਾਂ ਦੇ ਬੂਟਿਆਂ ਦੀ ਥਾਂ ਅਸਲੀ ਰੁੱਖ ਲਗਾਏ ਗਏ ਹਨ। ਇੰਨਾ ਹੀ ਨਹੀਂ ਇਸ 'ਚ ਤੁਹਾਨੂੰ ਕਈ ਹੋਰ ਸ਼ਾਹੀ ਸਹੂਲਤਾਂ ਵੀ ਮਿਲਣਗੀਆਂ।

ਵੰਡਰ ਆਫ਼ ਦਿ ਸੀਜ਼ ’ਤੇ ਇਕ ਕਰੂਜ਼ ਦੀ ਸਹੀ ਕੀਮਤ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਤੁਸੀਂ ਕਿਸ ਕੈਬਿਨ ਨੂੰ ਬੁੱਕ ਕਰਦੇ ਹੋ, ਤੁਸੀਂ ਸਾਲ ਦੇ ਕਿਹੜੇ ਸਮੇਂ ਯਾਤਰਾ ਕਰਦੇ ਹੋ, ਅਤੇ ਤੁਸੀਂ ਕਿੰਨੇ ਸਮੇਂ ਪਹਿਲਾਂ ਤੋਂ ਬੁੱਕ ਕਰਦੇ ਹੋ। ਵੰਡਰ ਆਫ਼ ਦਿ ਸੀਜ਼ ਕਰੂਜ਼ ਦੀ ਫੀਸ ਪ੍ਰਤੀ ਵਿਅਕਤੀ 800 ਡਾਲਰ ਤੋਂ ਸ਼ੁਰੂ ਹੋ ਜਾਂਦੀ ਹੈ ਜੋ ਪ੍ਰਤੀ ਵਿਅਕਤੀ 1,500 ਡਾਲਰ ਤੱਕ ਜਾਂਦੀ ਹੈ।