ਫੇਸਬੁੱਕ ਲਾਈਵ ਸਟ੍ਰੀਮਿੰਗ ਦੇ ਨਿਯਮ ਕਰੇਗਾ ਸਖ਼ਤ, ਨਿਊਜ਼ੀਲੈਂਡ ਦੀ ਘਟਨਾ ਤੋਂ ਬਾਅਦ ਉੱਠ ਰਹੇ ਸਨ ਸਵਾਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਫੇਸਬੁੱਕ ਲਾਈਵ ਇਸਤੇਮਾਲ ਕਰਨ ਦੇ ਨਿਯਮ ਹੋਣਗੇ ਸਖ਼ਤ, ਨਫ਼ਰਤ ਫੈਲਾਉਣ ਦੇ ਮਾਮਲਿਆਂ ਨੂੰ ਰੋਕਣ ਲਈ ਅਤੇ ਵੱਧ ਤੋਂ ਵੱਧ ਬਦਲਾਅ ਕੀਤੇ ਜਾ ਰਹੇ ਹਨ

Facebook COO Sheryl Sandberg

ਸੇਨ ਫਰਾਂਸਿਸਕੋ: ਫੇਸਬੁੱਕ ਅਪਣੇ ਲਾਈਵ ਸਟਰੀਮਿੰਗ ਫੀਚਰ ਨਾਲ ਜੁੜੇ ਨਿਯਮ ਸਖ਼ਤ ਕਰੇਗਾ। ਹਾਲਾਂਕਿ, ਕੰਪਨੀ ਨੇ ਸਪੱਸ਼ਟ ਨਹੀਂ ਦੱਸਿਆ ਹੈ ਕਿ ਇਸ ਦੇ ਲਈ ਉਹ ਕੀ ਕਦਮ ਚੁੱਕੇਗਾ। 15 ਮਾਰਚ ਨੂੰ ਨਿਊਜ਼ੀਲੈਂਡ ਦੇ ਕਰਾਇਸਟਚਰਚ ਸ਼ਹਿਰ ਦੀ ਇਕ ਮਸਜਿਦ ਵਿਚ ਲੋਕਾਂ ਉਤੇ ਫਾਇਰਿੰਗ ਕਰਕੇ ਹਮਲਾਵਰ ਨੇ 50 ਲੋਕਾਂ ਨੂੰ ਮਾਰ ਦਿਤਾ ਸੀ। ਹਮਲਾਵਰ ਨੇ ਘਟਨਾ ਨੂੰ ਫੇਸਬੁੱਕ ਉਤੇ ਲਾਈਵ ਕੀਤਾ ਸੀ।

ਫੇਸਬੁੱਕ ਦੀ ਸੀਓਓ ਸ਼ੇਰਿਲ ਸੈਂਡਬਰਗ ਨੇ ਸ਼ੁੱਕਰਵਾਰ ਨੂੰ ਇਕ ਆਨਲਾਈਨ ਪੋਸਟ ਵਿਚ ਕਿਹਾ ਕਿ ਨਿਊਜ਼ੀਲੈਂਡ ਦੀ ਘਟਨਾ ਤੋਂ ਬਾਅਦ ਸਵਾਲ ਉੱਠ ਰਹੇ ਸਨ ਕਿ ਅਜਿਹੀ ਭਿਆਨਕ ਵੀਡੀਓ ਨੂੰ ਸਰਕੁਲੇਟ ਕਰਨ ਲਈ ਫੇਸਬੁੱਕ ਵਰਗੇ ਆਨਲਾਈਨ ਮਾਧਿਅਮਾਂ ਦਾ ਇਸਤੇਮਾਲ ਕਿਵੇਂ ਕੀਤਾ ਗਿਆ। ਸੈਂਡਬਰਗ ਦੇ ਮੁਤਾਬਕ ਫੇਸਬੁੱਕ ਅਜਿਹੇ ਲੋਕਾਂ ਨੂੰ ਬੈਨ ਕਰਨ ਉਤੇ ਵਿਚਾਰ ਕਰ ਰਿਹਾ ਹੈ ਜੋ ਪਹਿਲਾਂ ਫੇਸਬੁੱਕ ਲਾਈਵ ਵਿਚ ਨਿਯਮਾਂ ਦੀ ਉਲੰਘਣਾ ਕਰ ਚੁੱਕੇ ਹਨ।

ਫੇਸਬੁੱਕ ਸਾਫ਼ਟਵੇਅਰ ਇੰਪਰੂਵਮੈਂਟ ਦੇ ਜ਼ਰੀਏ ਅਜਿਹੀ ਤਕਨੀਕ ਵੀ ਖੋਜ ਰਿਹਾ ਹੈ ਜਿਸ ਦੇ ਨਾਲ ਹਿੰਸਕ ਵੀਡੀਓ ਅਤੇ ਤਸਵੀਰਾਂ ਦੇ ਐਡਿਟੇਡ ਵਰਜਨ ਦਾ ਤੁਰਤ ਪਤਾ ਲੱਗ ਸਕੇ ਅਤੇ ਉਨ੍ਹਾਂ ਨੂੰ ਸ਼ੇਅਰ ਜਾਂ ਰੀ-ਪੋਸਟ ਕਰਨ ਤੋਂ ਰੋਕਿਆ ਜਾ ਸਕੇ। ਸੈਂਡਬਰਗ ਨੇ ਕਿਹਾ ਕਿ ਅਸੀ ਕਈ ਕਦਮ ਚੁੱਕ ਰਹੇ ਹਾਂ। ਫੇਸਬੁੱਕ ਲਾਈਵ ਇਸਤੇਮਾਲ ਕਰਨ ਦੇ ਨਿਯਮ ਸਖ਼ਤ ਕੀਤੇ ਜਾ ਰਹੇ ਹਨ। ਸਾਡੇ ਪਲੇਟਫਾਰਮ ਦੇ ਜ਼ਰੀਏ ਨਫ਼ਰਤ ਫੈਲਾਉਣ ਦੇ ਮਾਮਲਿਆਂ ਨੂੰ ਰੋਕਣ ਲਈ ਅਤੇ ਵੱਧ ਤੋਂ ਵੱਧ ਬਦਲਾਅ ਕੀਤੇ ਜਾ ਰਹੇ ਹਨ।

ਫੇਸਬੁੱਕ ਦੀ ਸੀਓਓ ਨੇ ਕਿਹਾ ਕਿ ਨਿਊਜ਼ੀਲੈਂਡ ਹਮਲੇ ਦੀ ਵੀਡੀਓ ਲਾਈਵ ਕੀਤੀ ਗਈ ਸੀ। ਉਹ ਇਸ ਲਈ ਫੈਲਿਆ ਕਿਉਂਕਿ ਲੋਕ ਉਸ ਨੂੰ ਰੀ-ਸ਼ੇਅਰ ਅਤੇ ਰੀ-ਐਡਿਟ ਕਰ ਰਹੇ ਸਨ। ਤਾਂਕਿ ਸਾਡੇ ਸਿਸਟਮ ਲਈ ਵੀਡੀਓ ਨੂੰ ਬਲਾਕ ਕਰਨਾ ਮੁਸ਼ਕਿਲ ਹੋ ਜਾਵੇ। ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਨਫ਼ਰਤ ਫੈਲਾਉਣ ਵਾਲੇ ਗਰੁੱਪਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਅਪਣੇ ਪਲੇਟਫਾਰਮ ਤੋਂ ਹਟਾਉਣ ਲਈ ਫੇਸਬੁੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਵੀ ਕਰ ਰਿਹਾ ਹੈ। ਅਜਿਹੇ ਗਰੁੱਪ ਫੇਸਬੁੱਕ ਦੀ ਕੋਈ ਵੀ ਸਰਵਿਸ ਦੀ ਵਰਤੋਂ ਨਹੀਂ ਕਰ ਸਕਣਗੇ।