ਪਾਕਿ : ਕੁੜੀਆਂ ਦੀ ਬਾਲਗ਼ ਉਮਰ 18 ਸਾਲ ਤੈਅ, ਬਿੱਲ ਸੰਸਦ 'ਚ ਪਾਸ
ਬਾਲ ਵਿਆਹ ਰੋਕੂ ਕਾਨੂੰਨ, 1929 ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਾਂਸਦ ਸ਼ੇਰੀ ਰਹਿਮਾਨ ਨੇ ਪੇਸ਼ ਕੀਤਾ
ਇਸਲਾਮਾਬਾਦ : ਪਾਕਿਸਤਾਨ ਦੀ ਸੰਸਦ ਨੇ ਮੁਸਲਿਮ ਬਹੁ ਗਿਣਤੀ ਦੇਸ਼ ਵਿਚ ਬਾਲ ਵਿਆਹ ਰੋਕਣ ਲਈ ਕੁੜੀਆਂ ਦੀ ਬਾਲਗ ਉਮਰ 18 ਸਾਲ ਤੈਅ ਕਰਨ ਵਾਲਾ ਇਕ ਬਿੱਲ ਪਾਸ ਕੀਤਾ। ਕੁਝ ਸਾਂਸਦਾਂ ਨੇ ਇਸ ਨੂੰ ਇਸਲਾਮ ਵਿਰੁਧ ਦਸਦਿਆਂ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ। ਬਾਲ ਵਿਆਹ ਰੋਕੂ ਕਾਨੂੰਨ, 1929 ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਾਂਸਦ ਸ਼ੇਰੀ ਰਹਿਮਾਨ ਨੇ ਪੇਸ਼ ਕੀਤਾ। ਇਹ ਕਾਨੂੰਨ ਦੇਸ਼ ਵਿਚ ਬਾਲ ਵਿਆਹ ਦੀ ਪ੍ਰਥਾ ਨੂੰ ਰੋਕਣ ਵਿਚ ਮਦਦ ਕਰੇਗਾ।
ਇਕ ਅੰਗਰੇਜ਼ੀ ਅਖਬਾਰ ਦੀ ਰੀਪੋਰਟ ਮੁਤਾਬਕ ਵਿਰੋਧੀ ਧਿਰ ਦੇ ਜ਼ਬਰਦਸਤ ਵਿਰੋਧ ਵਿਚਾਲੇ ਇਸ ਬਿੱਲ ਨੂੰ ਸੋਮਵਾਰ ਨੂੰ ਪਾਸ ਕਰ ਦਿਤਾ ਗਿਆ। ਸਾਂਸਦਾਂ ਨੇ ਬਾਲਗ ਹੋਣ ਦੀ ਉਮਰ ਤੈਅ ਕਰਨ ਨੂੰ ਇਸਲਾਮ ਵਿਰੁਧ ਦਸਿਆ। ਸਾਂਸਦ ਗਫੂਰ ਹੈਦਰੀ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਨਿਕਾਹ ਲਈ 18 ਸਾਲ ਦੀ ਉਮਰ ਤੈਅ ਕਰਨਾ ਸ਼ਰੀਆ ਵਿਰੁਧ ਹੈ ਅਤੇ ਇਸ ਬਿੱਲ ਨੂੰ ਅੱਗੇ ਚਰਚਾ ਲਈ ਇਸਲਾਮੀ ਵਿਚਾਰਧਾਰਾ ਪਰੀਸ਼ਦ (ਆਈ.ਆਈ.ਸੀ.) ਨੂੰ ਭੇਜਿਆ ਜਾ ਸਕਦਾ ਹੈ।
ਧਾਰਮਿਕ ਮਾਮਲਿਆਂ ਲਈ ਫੈਡਰਲ ਮੰਤਰੀ ਨੁਰੂਲ ਕਾਦਰੀ ਨੇ ਕਿਹਾ ਕਿ ਇਸੇ ਤਰ੍ਹਾਂ ਦਾ ਇਕ ਬਿੱਲ ਸਾਲ 2010 ਵਿਚ ਆਈ.ਆਈ.ਸੀ. ਨੂੰ ਭੇਜਿਆ ਗਿਆ ਸੀ ਜਿਸ ਨੂੰ ਪਰੀਸ਼ਦ ਨੇ ਇਹ ਕਹਿ ਕੇ ਵਾਪਸ ਕਰ ਦਿਤਾ ਸੀ ਕਿ ਇਹ ਫੌਕਾਹ ਮੁਤਾਬਕ ਨਹੀਂ ਹੈ। ਬਾਲਗ ਹੋਣ ਦੀ ਉਮਰ ਸਮੇਂ ਮੁਤਾਬਕ ਬਦਲਦੀ ਰਹਿੰਦੀ ਹੈ। ਇਸ ਨੂੰ ਤੈਅ ਨਹੀਂ ਕੀਤਾ ਜਾ ਸਕਦਾ।
ਸੰਸਦ ਦੇ ਸਾਬਕਾ ਪ੍ਰਧਾਨ ਸਾਂਸਦ ਰਜ਼ਾ ਰੱਬਾਨੀ ਨੇ ਇਸ ਬਿੱਲ ਦਾ ਸਮਰਥਨ ਕਰਦਿਆਂ ਸਦਨ ਵਿਚ ਦਲੀਲ ਦਿਤੀ ਕਿ ਬਿੱਲ ਇਸ ਤੋਂ ਪਹਿਲਾਂ ਆਈ.ਆਈ.ਸੀ. ਨੂੰ ਭੇਜਿਆ ਗਿਆ ਸੀ ਜਿੱਥੇ ਇਹ ਬਿਨਾਂ ਚਰਚਾ ਦੇ ਕਈ ਸਾਲ ਤਕ ਪੈਂਡਿੰਗ ਰਿਹਾ। ਉਨ੍ਹਾਂ ਨੇ ਕਿਹਾ ਕਿ ਸਿੰਧ ਅਸੈਂਬਲੀ ਪਹਿਲਾਂ ਹੀ ਇਸ ਤਰ੍ਹਾਂ ਦੇ ਬਿੱਲ ਨੂੰ ਪਾਸ ਕਰ ਚੁੱਕੀ ਹੈ। ਜਿਸ ਨੂੰ ਹੁਣ ਤਕ ਕਿਸੇ ਮੰਚ 'ਤੇ ਚੁਣੌਤੀ ਨਹੀਂ ਦਿਤੀ ਗਈ ਜਾਂ ਵਿਰੋਧ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹੋਰ ਇਸਲਾਮੀ ਦੇਸ਼ਾਂ ਵਿਚ ਵੀ ਕੁੜੀਆਂ ਦੇ ਵਿਆਹ ਦੀ ਉਮਰ 18 ਸਾਲ ਤੈਅ ਹੈ।