ਪੋਲੀਉ ਮੁਹਿੰਮ ਵਿਰੁੱਧ ਗ਼ਲਤ ਪ੍ਰਚਾਰ ਕਰਨ 'ਤੇ 7 ਨਿੱਜੀ ਸਕੂਲ ਸੀਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਕੂਲਾਂ ਵੱਲੋਂ ਅਫ਼ਵਾਹ ਫੈਲਾਈ ਜਾ ਰਹੀ ਸੀ ਕਿ ਪੋਲੀਉ ਡਰਾਪ ਨਪੁੰਸਕਤਾ ਦਾ ਕਾਰਨ ਬਣ ਰਿਹਾ ਹੈ

7 schools in Pakistan sealed for hysteria against polio vaccine

ਇਸਲਾਮਾਬਾਦ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਪੋਲੀਉ ਮੁਹਿੰਮ ਵਿਰੁੱਧ ਗ਼ਲਤ ਪ੍ਰਚਾਰ ਕਰਨ 'ਤੇ 7 ਨਿੱਜੀ ਸਕੂਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਸਕੂਲਾਂ ਵੱਲੋਂ ਅਫ਼ਵਾਹ ਫੈਲਾਈ ਜਾ ਰਹੀ ਸੀ ਕਿ ਪੋਲੀਉ ਡਰਾਪ ਨਪੁੰਸਕਤਾ ਦਾ ਕਾਰਨ ਬਣ ਰਿਹਾ ਹੈ। ਪਾਕਿਸਤਾਨ ਉਨ੍ਹਾਂ ਤਿੰਨ ਦੇਸ਼ਾਂ 'ਚ ਹੈ ਜੋ ਹਾਲੇ ਤਕ ਪੋਲੀਉ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕੇ। ਬਾਕੀ ਦੋ ਦੇਸ਼ ਅਫ਼ਗਾਨਿਸਤਾਨ ਅਤੇ ਨਾਈਜੀਰੀਆ ਹਨ। 

ਹਾਲ ਹੀ ਦੇ ਸਾਲਾਂ ਵਿਚ ਅਤਿਵਾਦੀ ਇਨ੍ਹਾਂ ਮੁਹਿੰਮਾਂ ਦਾ ਇਹ ਕਹਿ ਕੇ ਵਿਰੋਧ ਕਰਦੇ ਰਹੇ ਹਨ ਕਿ ਪੋਲੀਉ ਦੀਆਂ ਬੂੰਦਾਂ ਜਣਨ ਸਮਰੱਥਾ ਨੂੰ ਪ੍ਰਭਾਵਿਤ ਕਰਦੀਆਂ ਹਨ। ਪੋਲੀਉ ਖ਼ਾਤਮਾ ਪ੍ਰੋਗਰਾਮ 'ਤੇ ਪ੍ਰਧਾਨ ਮੰਤਰੀ ਇਮਾਰਨ ਖ਼ਾਨ ਦੇ ਪ੍ਰਮੁੱਖ ਸਫ਼ੀਰ ਬਾਬਰ ਬਿਨ ਅਤਾ ਨੇ ਟਵੀਟ ਕੀਤਾ, "ਖੈਬਰ ਪਖਤੂਨਖਵਾ ਦੀ ਸਰਕਾਰ ਨੇ ਇਨ੍ਹਾਂ ਸਕੂਲਾਂ ਦੇ ਪ੍ਰਬੰਧਨ ਨੂੰ ਪੋਲੀਉ ਟੀਕਾਕਰਣ ਵਿਰੁੱਧ ਨਫ਼ਰਤ ਫ਼ੈਲਾਉਣ ਦਾ ਦੋਸ਼ੀ ਪਾਇਆ। ਉਨ੍ਹਾਂ ਕਿਹਾ ਇਹ ਸਕੂਲ ਮਾਸੂਮ ਪਰਿਵਾਰਾਂ ਨੂੰ ਹਿੰਸਾ ਲਈ ਉਕਸਾਉਣ ਲਈ ਜ਼ਿੰਮੇਵਾਰ ਹਨ ਜਿਸ ਨਾਲ ਪੋਲੀਉ ਟੀਮਾਂ 'ਤੇ ਹਮਲੇ ਹੁੰਦੇ ਸਨ ਅਤੇ ਸਾਮੂਹਿਕ ਅਸ਼ਾਂਤੀ ਫ਼ੈਲਦੀ ਸੀ।"

ਜ਼ਿਕਰਯੋਗ ਹੈ ਕਿ ਬੀਤੀ 22 ਅਪ੍ਰੈਲ ਨੂੰ ਪਿਸ਼ਾਵਰ 'ਚ ਪ੍ਰਦਰਸ਼ਨਕਾਰੀਆਂ ਨੇ ਇਕ ਸਿਹਤ ਕੇਂਦਰ ਨੂੰ ਫੂਕ ਦਿੱਤਾ ਸੀ। ਉਦੋਂ ਇਹ ਅਫ਼ਵਾਹ ਫੈਲੀ ਸੀ ਕਿ ਪੋਲੀਉ ਡਰਾਪ ਕਾਰਨ ਕਈ ਬੱਚੇ ਬਿਮਾਰ ਪੈ ਗਏ ਹਨ। ਹਿੰਸਾ ਦੀਆਂ ਖ਼ਬਰਾਂ ਆਉਣ ਦੇ ਬਾਅਦ ਪਾਕਿਸਤਾਨ 'ਚ ਪੋਲੀਓ ਮੁਹਿੰਮ ਰੋਕਣੀ ਪਈ ਸੀ।