ਕੋਰੋਨਾ ਮਹਾਂਮਾਰੀ ਦੌਰਾਨ 5 ਸਾਲ ਦੇ ਇਸ ਬੱਚੇ ਨੇ ਚਲਾਈ 3200 ਕਿਲੋਮੀਟਰ ਸਾਈਕਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਲਈ ਇਕੱਠਾ ਕੀਤਾ 3.7 ਲੱਖ ਦਾ ਫੰਡ

Aneeshwar Kunchala

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਵਿਚ ਚਿੰਤਾਜਨਕ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਕੁਝ ਅਜਿਹੇ ਲੋਕ ਹਨ ਜੋ ਕੋਰੋਨਾ ਵਾਇਰਸ ਨਾਲ ਲੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਵਿਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਬੱਚੇ ਨੇ ਕੋਰੋਨਾ ਵਾਇਰਸ ਲਈ ਬਣਾਏ ਗਏ ਰਾਹਤ ਫੰਡ ਵਿਚ ਮਦਦ ਲਈ 3200 ਕਿਲੋਮੀਟਰ ਸਾਈਕਲ ਚਲਾਈ ਅਤੇ ਕਰੀਬ 3.7 ਲੱਖ ਰੁਪਏ ਦਾ ਫੰਡ ਇਕੱਠਾ ਕੀਤਾ ਹੈ।

3200 ਕਿਲੋਮੀਟਰ ਸਾਈਕਲ ਚਲਾਉਣ ਵਾਲੇ ਇਸ ਬੱਚੇ ਦਾ ਨਾਮ ਅਨੀਸ਼ਵਰ ਕੁੰਚਲਾ ਹੈ। ਇਹ ਬੱਚਾ ਬ੍ਰਿਟੇਨ ਵਿਚ ਰਹਿੰਦਾ ਹੈ। ਮੀਡੀਆ ਰਿਪੋਰਟ ਅਨੁਸਾਰ ਇਸ ਬੱਚੇ ਨੇ 27 ਮਈ ਨੂੰ ਅਪਣੇ 60 ਦੋਸਤਾਂ ਨਾਲ ਮਿਲ ਕੇ ਇਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਾ ਨਾਮ ਲਿਟਲ ਪੈਡਲਰਸ ਅਨੀਸ਼ ਐਂਡ ਹਿਜ਼ ਫਰੈਂਡਸ ਰੱਖਿਆ ਗਿਆ। ਇਸ ਮੁਹਿੰਮ ਦੇ ਤਹਿਤ ਉਹਨਾਂ ਨੇ 3200 ਕਿਲੋਮੀਟਰ ਸਾਈਕਲ ਚਲਾਈ।

ਉਹਨਾਂ ਨੂੰ ਭਾਰਤ ਤੋਂ ਇਲਾਵਾ ਅਮਰੀਕਾ ਦੇ ਲੋਕਾਂ ਵੱਲੋਂ ਵੀ ਪੂਰਾ ਸਮਰਥਨ ਮਿਲਿਆ। ਉਹਨਾਂ ਨੂੰ ਹਰ ਥਾਂ ਤੋਂ ਪੈਸੇ ਮਿਲੇ। ਅਨੀਸ਼ਵਰ ਦਾ ਕਹਿਣਾ ਹੈ ਕਿ ਉਹ ਹੋਰ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਨ।ਦੱਸ ਦਈਏ ਕਿ ਅਨੀਸ਼ਵਰ ਦੇ ਮਾਤਾ-ਪਿਤਾ ਆਂਧਰਾ ਪ੍ਰਦੇਸ਼ ਦੇ ਚਿਤੁਰ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਇਹ ਇੰਗਲੈਂਡ ਵਿਚ ਰਹਿ ਰਹੇ ਹਨ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਅਨੀਸ਼ਵਰ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੋਵੇ।

ਇਸ ਤੋਂ ਪਹਿਲਾਂ ਵੀ ਉਹ ਕਈ ਲੋਕਾਂ ਦੀ ਮਦਦ ਕਰ ਚੁੱਕਾ ਹੈ। ਉਹ ਬ੍ਰਿਟੇਨ ਵਿਚ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਨੈਸ਼ਨਲ ਹੈਲਥ ਸਰਵਿਸ ਨੂੰ ਸਮਰਥਨ ਦੇਣ ਲਈ ਕ੍ਰਿਕਟ ਚੈਂਪੀਅਨਸ਼ਿਪ ਵੀ ਕਰ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਕਰਨ ਦੀ ਪ੍ਰੇਰਨਾ ਉਸ ਨੂੰ 100 ਸਾਲ ਦੇ ਬਜ਼ੁਰਗ ਥਾਮਸ ਮੋਰੇ ਤੋਂ ਮਿਲੀ ਹੈ, ਜਿਨ੍ਹਾਂ ਨੇ ਅਪਣੇ ਗਾਰਡਨ ਦੇ 100 ਚੱਕਰ ਲਗਾ ਕੇ ਨੈਸ਼ਨਲ ਹੈਲਥ ਸਰਵਿਸ ਲਈ 3.17 ਅਰਬ ਰੁਪਏ ਇਕੱਠੇ ਕੀਤੇ ਸਨ।