ਇੰਡੋਨੇਸ਼ੀਆ ਵਿਖੇ ਜਵਾਲਾਮੁਖੀ 'ਚ ਤਾਜਾ ਵਿਸਫੋਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਡੋਨੇਸ਼ੀਆ ਵਿਚ ਪਿਛਲੇ ਹਫਤੇ ਹੋਏ ਵਿਸਟਫੋਟ ਵਿਚ ਅਨਾਕ ਕਰਕਟਾਓ ਜਵਾਲਾਮੁਖੀ ਟਾਪੂ ਦਾ ਉਪਰਲਾ ਲਗਭਗ ਦੋ ਤਿਹਾਈ ਹਿੱਸਾ ਢਹਿ ਗਿਆ ਸੀ।

Mount Agung volcano

ਇੰਡੋਨੇਸ਼ੀਆ : ਸੈਲਾਨੀਆ ਲਈ ਦਿੱਲ ਖਿੱਚਵੀ ਥਾਂ ਮੰਨੇ ਜਾਣ ਵਾਲੇ ਬਾਲੀ ਵਿਖੇ ਜਵਾਲਾਮੁਖੀ ਵਿਚ ਤਾਜਾ ਵਿਸਫੋਟ ਨਾਲ ਅਸਮਾਨ ਵਿਚ ਗਰਮ ਰਾਖ ਫੈਲ ਗਈ ਹੈ। ਜਵਾਲਾਮੁਖੀ ਵਿਗਿਆਨ ਅਤੇ ਗਰਾਊਂਡ ਏਜੰਸੀ ਨੇ ਕਿਹਾ ਕਿ ਮਾਊਂਟ ਅਗੁੰਗ ਲਗਭਗ ਤਿੰਨ ਮਿੰਟ ਤੱਕ ਫਟਦਾ ਰਿਹਾ, ਜਿਸ ਕਾਰਨ ਅਸਮਾਨ ਵਿਚ ਚਿੱਟਾ ਧੂੰਆਂ ਅਤੇ 700 ਮੀਟਰ ਉੱਚੀ ਰਾਖ ਫੈਲ ਗਈ। ਹਾਲਾਂਕਿ ਵਿਸਫੋਟ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ।

ਵਿਗਿਆਨੀਆਂ ਨੇ ਸੈਲਾਨੀਆਂ ਨੂੰ ਜਵਾਲਾਮੁਖੀ ਦੇ ਚਾਰ ਕਿਲੋਮੀਟਰ ਦੇ ਘੇਰੇ ਵਿਚ ਆਉਣ ਵਾਲੇ ਖੇਤਰ ਤੋਂ ਦੂਰ ਰਹਿਣ ਨੂੰ ਕਿਹਾ ਹੈ। ਨਗੁਰਾਹ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਉਡਾਨਾਂ 'ਤੇ ਇਸ ਦਾ ਅਸਰ ਨਹੀਂ ਪਿਆ ਹੈ ਅਤੇ ਉਹਨਾਂ ਦਾ ਕੰਮਕਾਜ ਪਹਿਲਾਂ ਵਾਂਗ ਹੀ ਜ਼ਾਰੀ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਚ ਪਿਛਲੇ ਹਫਤੇ ਹੋਏ ਵਿਸਫੋਟ ਵਿਚ ਅਨਾਕ ਕਰਕਟਾਓ ਜਵਾਲਾਮੁਖੀ ਟਾਪੂ ਦਾ ਉਪਰਲਾ ਲਗਭਗ ਦੋ ਤਿਹਾਈ ਹਿੱਸਾ ਢਹਿ ਗਿਆ ਸੀ।

ਇਹ ਪੂਰਾ ਹਿੱਸਾ ਢਹਿ ਕੇ ਸਮੁੰਦਰ ਵਿਚ ਧੱਸ ਜਾਣ ਕਾਰਨ ਹੀ ਤੱਟਾਂ 'ਤੇ ਸੁਨਾਮੀ ਆਈ ਸੀ। ਪੁਲਾੜ ਏਜੰਸੀ ਵੱਲੋਂ ਲਈਆਂ ਗਈਆਂ ਤਸਵੀਰਾਂ ਤੋਂ ਪਤਾ ਲਗਾ ਹੈ ਕਿ ਜਵਾਲਾਮੁਖੀ ਟਾਪੂ ਦਾ ਲਗਭਗ ਦੋ ਵਰਗ ਕਿਲੋਮੀਟਰ ਹਿੱਸਾ ਸਮੁੰਦਰ ਵਿਚ ਧੱਸ ਗਿਆ ਹੈ। ਅਧਿਕਾਰੀਆਂ ਮੁਤਾਬਕ ਸੁਨਾਮੀ ਵਿਚ ਲਗਭਗ 426 ਲੋਕਾਂ ਦੀ ਮੌਤ ਹੋ ਗਈ ਸੀ ਅਤੇ 7,200 ਤੋਂ ਵੱਧ ਜਖਮੀ ਹੋਏ ਹਨ। ਪੱਛਮੀ ਜਾਵਾ ਅਤੇ ਦੱਖਣੀ ਸੁਮਾਤਰਾ ਦੇ ਤੱਟਾਂ 'ਤੇ ਸੁਨਾਮੀ ਨਾਲ ਲਗਭਗ 1300 ਘਰ ਜ਼ਮੀਨਦੋਜ਼ ਹੋ ਗਏ ਹਨ।