ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬ੍ਰਿਟੇਨ 'ਚ 'ਲਾਈਫ਼ ਟਾਈਮ ਅਚੀਵਮੈਂਟ ਆਨਰ' ਨਾਲ ਸਨਮਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਾ. ਸਿੰਘ ਨੇ ਜਤਾਇਆ ਧੰਨਵਾਦ, ਦਿੱਲੀ 'ਚ ਜਲਦ ਸੌਂਪਿਆ ਜਾਵੇਗਾ ਇਹ ਸਨਮਾਨ 

Image

 

ਲੰਡਨ - ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਆਰਥਿਕ ਅਤੇ ਰਾਜਨੀਤਿਕ ਖੇਤਰ ਵਿਚ ਪਾਏ ਯੋਗਦਾਨ ਲਈ ਹਾਲ ਹੀ ਵਿੱਚ ਲੰਡਨ ਵਿਚ ‘ਇੰਡੀਆ-ਯੂਕੇ ਅਚੀਵਰਜ਼ ਆਨਰਜ਼’ ਵੱਲੋਂ ‘ਲਾਈਫ਼ ਟਾਈਮ ਅਚੀਵਮੈਂਟ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਹੈ।

ਉਨ੍ਹਾਂ ਨੂੰ ਨਵੀਂ ਦਿੱਲੀ ਵਿੱਚ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਪੁਰਸਕਾਰ ਦਾ ਐਲਾਨ ਪਿਛਲੇ ਹਫ਼ਤੇ ਇੱਕ ਸਮਾਗਮ ਦੌਰਾਨ ਕੀਤਾ ਗਿਆ। ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲੂਮਨੀ ਯੂਨੀਅਨ ਯੂਨਾਈਟਿਡ ਕਿੰਗਡਮ ਬਾਅਦ ਦੀ ਇੱਕ ਤਰੀਕ ਨੂੰ ਨਵੀਂ ਦਿੱਲੀ ਵਿੱਚ ਡਾ. ਸਿੰਘ ਨੂੰ ਇਹ ਸਨਮਾਨ ਸੌਂਪੇਗੀ। 

ਐਨ.ਆਈ.ਐਸ.ਏ.ਯੂ.-ਯੂ.ਕੇ. ਦੁਆਰਾ 'ਇੰਡੀਆ-ਯੂਕੇ ਅਚੀਵਰਜ਼ ਆਨਰਜ਼' ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ (ਡੀ.ਆਈ.ਟੀ.) ਅਤੇ 'ਬ੍ਰਿਟਿਸ਼ ਕੌਂਸਲ ਇਨ ਇੰਡੀਆ' ਦੇ ਸਹਿਯੋਗ ਨਾਲ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿੱਚ ਆਪਣੀ ਪੜ੍ਹਾਈ ਕਰਕੇ ਜੀਵਨ 'ਚ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। 'ਲਾਈਫ਼ ਟਾਈਮ ਅਚੀਵਮੈਂਟ ਆਨਰ' ਡਾ. ਸਿੰਘ ਦੇ ਆਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿੱਚ ਯੋਗਦਾਨ ਨੂੰ ਮਾਨਤਾ ਦਾ ਪ੍ਰਗਟਾਵਾ ਹੈ।

ਡਾ. ਸਿੰਘ ਨੇ ਆਪਣੇ ਲਿਖਤੀ ਸੰਦੇਸ਼ ਵਿੱਚ ਕਿਹਾ, "ਮੈਂ ਇਸ ਲਈ ਬਹੁਤ ਧੰਨਵਾਦੀ ਹਾਂ ਜੋ ਖ਼ਾਸਕਰ ਬਹੁਤ ਸਾਰਥਕ ਹੈ, ਕਿਉਂਕਿ ਇਹ ਨੌਜਵਾਨਾਂ ਦੁਆਰਾ ਦਿੱਤਾ ਗਿਆ ਹੈ ਜੋ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦਾ ਭਵਿੱਖ ਹਨ।"

2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ 90 ਸਾਲਾ ਡਾ. ਸਿੰਘ ਨੇ ਕਿਹਾ, "ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤਿਆਂ ਨੂੰ ਸਾਡੀ ਸਿੱਖਿਆ ਆਧਾਰਿਤ ਭਾਈਵਾਲੀ ਨੇ ਸੱਚਮੁੱਚ ਪਰਿਭਾਸ਼ਿਤ ਕੀਤਾ ਹੈ। ਸਾਡੇ ਦੇਸ਼ ਦੇ ਸੰਸਥਾਪਕ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾ. ਭੀਮ ਰਾਓ ਅੰਬੇਡਕਰ, ਸਰਦਾਰ ਪਟੇਲ ਅਤੇ ਹੋਰ ਕਈਆਂ ਨੇ ਬ੍ਰਿਟੇਨ ਵਿੱਚ ਪੜ੍ਹਾਈ ਕੀਤੀ, ਮਹਾਨ ਆਗੂ ਬਣੇ ਅਤੇ ਇੱਕ ਅਜਿਹੀ ਵਿਰਾਸਤ ਛੱਡੀ ਜੋ ਭਾਰਤ ਅਤੇ ਦੁਨੀਆ ਨੂੰ ਪ੍ਰੇਰਿਤ ਕਰ ਰਹੀ ਹੈ। ਬੀਤੇ ਸਾਲਾਂ ਦੌਰਾਨ ਅਨੇਕਾਂ ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟੇਨ 'ਚ ਪੜ੍ਹਨ ਦਾ ਮੌਕਾ ਮਿਲਿਆ ਹੈ।"

ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ, ਪਹਿਲੀ ਵਾਰ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ 75 ਜਣਿਆਂ ਨੂੰ ਇੰਡੀਆ-ਯੂਕੇ ਅਚੀਵਰਜ਼' ਆਨਰਜ਼ ਨਾਲ, ਅਤੇ ਕੁਝ ਹੋਰਾਂ ਨੂੰ 'ਆਊਟਸਟੈਂਡਿੰਗ ਅਚੀਵਰਜ਼' ਨਾਲ ਸਨਮਾਨਿਤ ਕੀਤਾ ਗਿਆ ਹੈ।

ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਲਾਰਡ ਕਰਨ ਬਿਲੀਮੋਰੀਆ ਨੂੰ 25 ਜਨਵਰੀ ਨੂੰ ਆਯੋਜਿਤ ਇੱਕ ਸਮਾਰੋਹ ਵਿੱਚ ‘ਲਿਵਿੰਗ ਲੀਜੈਂਡ ਆਨਰ’ (ਸਨਮਾਨ) ਨਾਲ ਸਨਮਾਨਿਤ ਕੀਤਾ ਗਿਆ। ਬਰਤਾਨੀਆ ਵਿੱਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੂੰ ਵੀ ‘ਲਿਵਿੰਗ ਲੀਜੈਂਡ ਆਨਰ’ ਨਾਲ ਸਨਮਾਨਿਤ ਕੀਤਾ ਗਿਆ।

'ਆਊਟਸਟੈਂਡਿੰਗ ਅਚੀਵਰਜ਼' ਅਵਾਰਡ ਨਾਲ ਨਿਵਾਜ਼ੇ ਗਏ ਲੋਕਾਂ ਵਿੱਚ ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ, ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਅਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਗੋਲਕੀਪਰ ਅਦਿਤੀ ਚੌਹਾਨ ਸ਼ਾਮਲ ਹਨ।