Pakistan: ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਭ੍ਰਿਸ਼ਟਾਚਾਰ ਮਾਮਲੇ ’ਚ 14 ਸਾਲ ਦੀ ਕੈਦ
ਨਵੀਂ ਸਜ਼ਾ ਨੇ ਆਮ ਚੋਣਾਂ ਰਾਹੀਂ ਸੱਤਾ ਵਿਚ ਵਾਪਸੀ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਇਕ ਹੋਰ ਝਟਕਾ ਦਿਤਾ।
Pakistan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਬੁਧਵਾਰ ਨੂੰ 14 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਖਾਨ (71) ਨੂੰ ਮੰਗਲਵਾਰ ਨੂੰ ਵੀ ਇਕ ਵਿਸ਼ੇਸ਼ ਅਦਾਲਤ ਨੇ ਸਰਕਾਰੀ ਗੁਪਤਤਾ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਨਵੀਂ ਸਜ਼ਾ ਨੇ ਆਮ ਚੋਣਾਂ ਰਾਹੀਂ ਸੱਤਾ ਵਿਚ ਵਾਪਸੀ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਇਕ ਹੋਰ ਝਟਕਾ ਦਿਤਾ।
ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਚ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਦੋਹਾਂ ’ਤੇ 10 ਸਾਲਾਂ ਲਈ ਕਿਸੇ ਵੀ ਜਨਤਕ ਅਹੁਦੇ ’ਤੇ ਰਹਿਣ ’ਤੇ ਪਾਬੰਦੀ ਲਗਾ ਦਿਤੀ ਅਤੇ ਦੋਹਾਂ ’ਤੇ 78.70 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਬੁਸ਼ਰਾ ਬੀਬੀ ਬੁਧਵਾਰ ਨੂੰ ਅਦਾਲਤ ’ਚ ਪੇਸ਼ ਨਹੀਂ ਹੋਈ।
ਸੁਣਵਾਈ ਦੀ ਸ਼ੁਰੂਆਤ ’ਚ ਜੱਜ ਬਸ਼ੀਰ ਨੇ ਖਾਨ ਤੋਂ ਪੁਛਿਆ ਕਿ ਕੀ ਉਨ੍ਹਾਂ ਨੇ ਅਪਣਾ ਬਿਆਨ ਦਰਜ ਕਰਵਾਇਆ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਪਣੇ ਵਕੀਲ ਦੇ ਆਉਣ ਤੋਂ ਬਾਅਦ ਅਪਣਾ ਬਿਆਨ ਦਰਜ ਕਰਵਾਉਣਗੇ। ਖ਼ਾਨ ਨੇ ਕਿਹਾ, ‘‘ਮੈਨੂੰ ਧੋਖਾ ਦਿਤਾ ਗਿਆ ਹੈ, ਮੈਨੂੰ ਸਿਰਫ ਸੁਣਵਾਈ ਲਈ ਪੇਸ਼ ਹੋਣ ਲਈ ਬੁਲਾਇਆ ਗਿਆ ਸੀ।’’
ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਬੁਸ਼ਰਾ ਬੀਬੀ ਅਦਿਆਲਾ ਜੇਲ੍ਹ ਪਹੁੰਚੀ ਅਤੇ ਆਤਮਸਮਰਪਣ ਕਰ ਦਿਤਾ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਜੁਲਾਈ 2018 ’ਚ ਜੱਜ ਨੇ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਸੀ। ਇਸ ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਗੌਹਰ ਖਾਨ ਨੇ ਕਿਹਾ ਕਿ ਇਸ ਫੈਸਲੇ ਨਾਲ ਨਿਆਂਪਾਲਿਕਾ ਪ੍ਰਤੀ ਸਤਿਕਾਰ ਘੱਟ ਹੋਇਆ ਹੈ।
ਉਨ੍ਹਾਂ ਕਿਹਾ, ‘‘ਦੋਸ਼ੀਆਂ ਨੂੰ ਸਮਾਂ ਨਹੀਂ ਦਿਤਾ ਗਿਆ ਅਤੇ ਮੁਕੱਦਮੇ ਦੇ ਨਿਪਟਾਰੇ ਦੀ ਪ੍ਰਕਿਰਿਆ ਵਿਚ ਜਲਦਬਾਜ਼ੀ ਕੀਤੀ ਗਈ।’’ ਰੀਪੋਰਟ ਮੁਤਾਬਕ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਵੱਖ-ਵੱਖ ਦੇਸ਼ਾਂ ਅਤੇ ਸਰਕਾਰਾਂ ਦੇ ਮੁਖੀਆਂ ਤੋਂ ਕੁਲ 108 ਤੋਹਫ਼ੇ ਮਿਲੇ, ਜਿਨ੍ਹਾਂ ’ਚੋਂ ਉਨ੍ਹਾਂ ਨੇ 58 ਤੋਹਫ਼ੇ ਰੱਖੇ।