ਹੁਣ ਹਰ ਕੋਈ ਨਹੀਂ ਹੋ ਸਕਦਾ ਫੇਸਬੁੱਕ ਤੇ ਲਾਈਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਣ ਫੇਸਬੁੱਕ ਲਾਈਵ ਵੀਡੀਓ ਪਾਉਣ ਦੇ ਨਿਯਮ ਸਖ਼ਤ ਕਰ ਰਿਹਾ ਹੈ

Now everyone can not live on Facebook

ਸੈਨ ਫ੍ਰਾਂਸਿਸਕੋ: ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਹੁਣ ਸਾਰਿਆਂ ਲਈ ਲਾਈਵ ਵੀਡੀਓ ਸਟ੍ਰੀਮਿੰਗ ਕਰਨਾ ਮੁਸ਼ਕਲ ਹੋ ਜਾਵੇਗਾ। ਫੇਸਬੁੱਕ ਨੇ ਨਿਊਜ਼ੀਲੈਂਡ ਵਿਚ ਦੋ ਮਸਜਿਦਾਂ 'ਤੇ ਹੋਏ ਹਮਲੇ ਦਾ ਵੀਡੀਓ ਲਾਈਵ ਪ੍ਰਸਾਰਣ ਕੀਤੇ ਜਾਣ ਮਗਰੋਂ ਇਸ ਦੇ ਨਿਯਮ ਸਖ਼ਤ ਕਰ ਦਿੱਤੇ ਹਨ। ਫੇਸਬੁੱਕ ਦੇ ਉੱਚ ਅਧਿਕਾਰੀ ਸ਼ੈਰਿਲ ਸੈਂਡਬਰਗ ਨੇ ਦੱਸਿਆ ਕਿ ਲੋਕਾਂ ਦਾ ਇਹ ਸਵਾਲ ਵਾਜਬ ਹੈ ਕਿ ਕਿਵੇਂ ਫੇਸਬੁੱਕ ਦੇ ਮੰਚ ਦੀ ਵਰਤੋਂ ਲੋਕ ਨਫ਼ਰਤੀ ਹਮਲਿਆਂ ਦੇ ਵੀਡੀਓ ਸਾਂਝੇ ਕਰਨ ਲਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਅਸੀਂ 'ਫੇਸਬੁੱਕ ਲਾਈਵ' ਦੇ ਨਿਯਮ ਸਖ਼ਤ ਬਣਾਉਣ ਜਾ ਰਹੇ ਹਾਂ। ਨਾਲ ਹੀ ਫੇਸਬੁੱਕ 'ਤੇ ਨਫ਼ਰਤੀ ਸਮੱਗਰੀ ਤੇ ਮੁੱਦਿਆਂ ਨਾਲ ਨਜਿੱਠਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਸੈਂਡਬਰਗ ਮੁਤਾਬਕ ਫੇਸਬੁੱਕ ਉਨ੍ਹਾਂ ਲੋਕਾਂ 'ਤੇ ਰੋਕ ਲਾਉਣ ਬਾਰੇ ਵੀ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਨੇ ਫੇਸਬੁੱਕ 'ਤੇ ਸਿੱਧਾ ਪ੍ਰਸਾਰਣ ਕਰ ਕੇ ਸੋਸ਼ਲ ਨੈਟਵਰਕਿੰਗ ਦੇ ਤੈਅ ਕੀਤੇ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਸਥਿਤ ਦੋ ਮਸਜਿਦਾਂ ਵਿਚ ਗੋਲ਼ੀਬਾਰੀ ਕਰ ਗੋਰੇ ਅਤਿਵਾਦੀ ਨੇ 50 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਨੇ ਸਾਰੀ ਘਟਨਾ ਫੇਸਬੁੱਕ 'ਤੇ ਲਾਈਵ ਸਾਂਝੀ ਕਰ ਦਿੱਤੀ ਸੀ। ਹਾਲਾਂਕਿ, ਇਸ ਨੂੰ ਬਾਅਦ ਵਿਚ ਹਟਾ ਦਿੱਤਾ ਗਿਆ ਸੀ। ਪੰਜਾਬ ਵਿਚ ਵੀ ਕਈ ਮਾਮਲੇ ਸਾਹਮਣੇ ਆਏ ਸਨ, ਜਿੱਥੇ ਲੋਕਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹੁਣ ਫੇਸਬੁੱਕ ਲਾਈਵ ਵੀਡੀਓ ਪਾਉਣ ਦੇ ਨਿਯਮ ਸਖ਼ਤ ਕਰ ਰਿਹਾ ਹੈ। ਕਿਸ ਕਿਸਮ ਦੀ ਸਖ਼ਤੀ ਫੇਸਬੁੱਕ ਵੱਲੋਂ ਕੀਤੀ ਜਾਵੇਗੀ, ਇਸ ਬਾਰੇ ਨਜ਼ਰ ਬਣੀ ਰਹੇਗੀ।