ਅਫ਼ਗ਼ਾਨਿਸਤਾਨ 'ਚ ਵੱਡਾ ਅਤਿਵਾਦੀ ਹਮਲਾ, 35 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਸੇ ਅਤਿਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ

Afghanistan highway blast kills at least 35 on bus

ਕਾਬੁਲ : ਅਫ਼ਗ਼ਾਨਿਸਤਾਨ 'ਚ ਬੁਧਵਾਰ ਸਵੇਰੇ ਇਕ ਵੱਡਾ ਅਤਿਵਾਦੀ ਹਮਲਾ ਹੋਇਆ। ਹੇਰਾਤ-ਕੰਧਾਰ ਕੌਮੀ ਸੜਕ 'ਤੇ ਬੁਧਵਾਰ ਸਵੇਰ ਸੜਕ ਕੰਢੇ ਇਕ ਬੰਬ ਧਮਾਕਾ ਹੋ ਗਿਆ। ਇਸ ਅਤਿਵਾਦੀ ਹਮਲੇ 'ਚ ਬੱਸ ਵਿਚ ਸਵਾਰ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 35 ਲੋਕ ਮਾਰੇ ਗਏ ਹਨ। ਇਸ ਤੋਂ ਇਲਾਵਾ 27 ਲੋਕ ਜ਼ਖ਼ਮੀ ਹੋਏ ਹਨ। ਧਮਾਕੇ 'ਚ ਜ਼ਖ਼ਮੀ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਮੀਡੀਆ ਮੁਤਾਬਕ ਮ੍ਰਿਤਕਾਂ 'ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਫਰਾਹ ਦੇ ਗਵਰਨਰ ਦੇ ਬੁਲਾਰੇ ਫਾਰੂਕ ਬਰਾਕਜਈ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਤਾਲਿਬਾਨ ਨੇ ਇਸ ਗੱਲ ਦੀ ਤਤਕਾਲ ਪੁਸ਼ਟੀ ਨਹੀਂ ਕੀਤੀ ਕਿ ਇਸ ਹਮਲੇ ਦੇ ਪਿੱਛੇ ਉਨ੍ਹਾਂ ਦਾ ਹੱਥ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦ ਇਕ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਤਕਰੀਬਨ 18 ਸਾਲ ਪੁਰਾਣੇ ਸੰਘਰਸ਼ ਨੂੰ ਖ਼ਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਫ਼ਗ਼ਾਨਿਸਤਾਨ 'ਚ ਭਿਆਨਕ ਪੱਧਰ ਤਕ ਪੁੱਜ ਚੁੱਕੀ ਲੜਾਈ ਨੇ ਵੱਡੀ ਗਿਣਤੀ 'ਚ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਜ਼ਖ਼ਮੀ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਅਜਿਹਾ ਹੀ ਧਮਾਕਾ ਬੀਤੇ ਐਤਵਾਰ ਨੂੰ ਵੀ ਹੋਇਆ ਸੀ, ਜਿਸ 'ਚ 20 ਲੋਕਾਂ ਦੀ ਮੌਤ ਹੋ ਗਈ ਸੀ। ਅਫ਼ਗ਼ਾਨਿਸਤਾਨ 'ਚ ਆਗਾਮੀ ਸਤੰਬਰ 'ਚ ਹੋਣ ਵਾਲੀ ਉਪ ਰਾਸ਼ਟਰਪਤੀ ਚੋਣ ਦੇ ਉਮੀਦਵਾਰ ਦੇ ਕਾਬੁਲ ਸਥਿਤ ਦਫ਼ਤਰ 'ਚ ਹੋਏ ਇਸ ਅਤਿਵਾਦੀ ਹਮਲੇ 'ਚ 20 ਲੋਕ ਮਾਰੇ ਗਏ ਸਨ, ਜਦਕਿ 50 ਲੋਕ ਜ਼ਖ਼ਮੀ ਹੋ ਗਏ ਸਨ।