ਬੁਰੀ ਖ਼ਬਰ! ਕੁਵੈਤ ਨੇ ਭਾਰਤੀ ਨਾਗਰਿਕਾਂ ਦੀ ਐਂਟਰੀ ‘ਤੇ ਲਗਾਈ ਰੋਕ, 8 ਲੱਖ ਲੋਕਾਂ ‘ਤੇ ਸੰਕਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੁਵੈਤ ਨੇ ਸਖ਼ਤ ਕਦਮ ਚੁੱਕਦੇ ਹੋਏ ਫਿਲਹਾਲ ਦੇਸ਼ ਵਿਚ ਭਾਰਤੀ ਨਾਗਰਿਕਾਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ।

Photo

ਨਵੀਂ ਦਿੱਲੀ: ਕੁਵੈਤ ਨੇ ਸਖ਼ਤ ਕਦਮ ਚੁੱਕਦੇ ਹੋਏ ਫਿਲਹਾਲ ਦੇਸ਼ ਵਿਚ ਭਾਰਤੀ ਨਾਗਰਿਕਾਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ। ਵੀਰਵਾਰ ਨੂੰ ਕੁਵੈਤ ਸਰਕਾਰ ਨੇ ਐਲਾਨ ਕੀਤਾ ਕਿ ਪਹਿਲੀਂ ਅਗਸਤ ਤੋਂ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਈਰਾਨ ਅਤੇ ਫਿਲੀਪੀਂਸ ਤੋਂ ਆਉਣ ਵਾਲਿਆਂ ਨੂੰ ਛੱਡ ਕੇ ਹੋਰ ਦੇਸ਼ਾਂ ਵਿਚ ਰਹਿਣ ਵਾਲੇ ਕੁਵੈਤ ਨਾਗਰਿਕ ਅਤੇ ਪ੍ਰਵਾਸੀ ਆਵਾਜਾਈ ਕਰ ਸਕਦੇ ਹਨ।

ਕੁਵੈਤ ਨੇ ਐਲਾਨ ਕੀਤਾ ਹੈ ਕਿ 1 ਅਗਸਤ ਤੋਂ ਸਾਢੇ ਤਿੰਨ ਮਹੀਨੇ ਬਾਅਦ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਨੂੰ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਭਾਰਤੀ ਵਿਦੇਸ਼ ਮੰਤਰਾਲੇ ਨੂੰ ਭਾਰਤੀ ਨਾਗਰਿਕਾਂ ‘ਤੇ ਲਗਾਈ ਗਈ ਇਸ ਪਾਬੰਦੀ ਦੀ ਜਾਣਕਾਰੀ ਹੈ ਅਤੇ ਉਹ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਸਥਾਨਕ ਮੀਡੀਆ ਮੁਤਾਬਕ ਇੰਡੀਆ ਕੰਮਿਊਨਿਟੀ ਸਪੋਰਟ ਗਰੁੱਪ ਦੇ ਮੁਖੀ ਰਾਜਪਾਲ ਤਿਆਗੀ ਨੇ ਦੱਸਿਆ ਕਿ ਇਸ ਫੈਸਲੇ ਨਾਲ ਉਹਨਾਂ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ‘ਤੇ ਖਤਰਾ ਮੰਡਰਾ ਰਿਹਾ ਹੈ ਜੋ ਭਾਰਤ ਵਿਚ ਫਸ ਗਏ ਹਨ।

ਅਜਿਹੇ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਦੇ ਕੁਝ ਲੋਕ ਕੁਵੈਤ ਵਿਚ ਰਹਿ ਰਹੇ ਗਏ ਹਨ ਅਤੇ ਕੁਝ ਭਾਰਤ ਵਿਚ। ਉਹਨਾਂ ਕਿਹਾ ਕਿ ਛੁੱਟੀਆਂ ‘ਤੇ ਗਏ ਲੋਕ ਜੇਕਰ ਵਾਪਸ ਨਾ ਪਹੁੰਚੇ ਤਾਂ ਉਹਨਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ। ਕਈ ਲੋਕਾਂ ਦਾ ਵੀਜ਼ਾ ਖਤਮ ਹੋਣ ਵਾਲਾ ਹੈ ਅਤੇ ਜੇਕਰ ਅੱਗੇ ਵੀ ਕੁਵੈਤ ਦਾ ਇਹੀ ਰੁਖ਼ ਰਿਹਾ ਤਾਂ ਵੀਜ਼ੇ ਰੀਨਿਊ ਨਹੀਂ ਕੀਤੇ ਜਾਣਗੇ।

ਦੱਸ ਦਈਏ ਕਿ ਕੁਵੈਤ ਦੀ ਸਰਕਾਰ ਨੇ ਭਾਰਤੀ ਕਾਮਿਆਂ ਲਈ ਇਕ ਵੱਡਾ ਫੈਸਲਾ ਲਿਆ ਹੈ। ਕੁਵੈਤ ਦੀ ਸਰਕਾਰ ਨੇ ਇਕ ਨਵਾਂ ਡਰਾਫਟ ਤਿਆਰ ਕੀਤਾ ਹੈ, ਜਿਸ ਵਿਚ ਵਿਦੇਸ਼ੀ ਲੋਕਾਂ ਨੂੰ ਦੇਸ਼ ਵਿਚ ਕੰਮ ਕਰਨ ਦੀ ਇਜਾਜ਼ਤ ਸਬੰਧੀ ਕੁਝ ਨਵੇਂ ਨਿਯਮ ਬਣਾਏ ਜਾ ਰਹੇ ਹਨ। ਇਸ ਕਾਨੂੰਨ ਦੇ ਤਹਿਤ ਕੁਵੈਤ ਵਿਚ ਕੰਮ ਕਰਨ ਵਾਲੇ ਭਾਰਤੀ ਲੋਕਾਂ ਲਈ 15 ਫੀਸਦੀ ਦਾ ਕੋਟਾ ਤੈਅ ਕੀਤਾ ਗਿਆ ਹੈ।

ਹਾਲਾਂਕਿ ਜੇਕਰ ਇਹ ਕਾਨੂੰਨ ਲਾਗੂ ਹੋਇਆ ਤਾਂ ਕਰੀਬ 8.5 ਲੱਖ ਭਾਰਤੀਆਂ ਨੂੰ ਵਾਪਸ ਪਰਤਣਾ ਪੈ ਸਕਦਾ ਹੈ। ਮੀਡੀਆ ਰਿਪੋਰਟ ਅਨੁਸਾਰ ਨਵੇਂ ਕਾਨੂੰਨ ਤਹਿਤ ਘਰੇਲੂ ਕਾਮਿਆਂ, ਗਲਫ ਕਾਰਪੋਰੇਸ਼ਨ ਕਾਂਊਸਿਲ ਦੇ ਮੈਂਬਰ ਦੇਸ਼ਾਂ ਦੇ ਨਾਗਰਿਕਾਂ, ਸਰਕਾਰੀ ਠੇਕਿਆਂ ਵਿਚ ਕੰਮ ਕਰਨ ਵਾਲੇ ਲੋਕਾਂ, ਡਿਪਲੋਮੇਟ ਅਤੇ ਕੁਵੈਤ ਨਾਗਰਿਕਾਂ ਦੇ ਰਿਸ਼ਤੇਦਾਰਾਂ ਨੂੰ ਕੋਟਾ ਸਿਸਟਮ ਤੋਂ ਬਾਹਰ ਰੱਖਿਆ ਜਾਵੇਗਾ।