ਕਰਤਾਰਪੁਰ ਲਾਂਘੇ ਨੂੰ ਖੋਲ੍ਹਣ 'ਤੇ ਪਾਕਿ ਦਾ ਰਵੱਈਆ ਢਿੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰਤਾਰਪੁਰ ਸਾਹਿਬ ਲਾਂਘਾ ਮਾਮਲੇ 'ਤੇ ਪਾਕਿਸਤਾਨ ਦਾ ਰਵੱਈਆ ਫਿਰ ਢਿੱਲਾ ਨਜ਼ਰ ਆ ਰਿਹਾ ਹੈ।ਤੁਹਾਨੂੰ ਦਸ ਦੇਈਏ ਕਿ ਹਾਲ ਹੀ

Kartarpur Sahib

ਇਸਲਾਮਾਬਾਦ :  ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮਾਮਲੇ 'ਤੇ ਪਾਕਿਸਤਾਨ ਦਾ ਰਵੱਈਆ ਫਿਰ ਢਿੱਲਾ ਨਜ਼ਰ ਆ ਰਿਹਾ ਹੈ।ਤੁਹਾਨੂੰ ਦਸ ਦੇਈਏ ਕਿ ਹਾਲ ਹੀ `ਚ ਭਾਰਤ ਅਤੇ ਪਾਕਿ ਦੀ ਇਸ ਮਾਮਲੇ `ਤੇ  ਗੱਲਬਾਤ ਹੋਈ ਸੀ। ਦਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਇਸਲਾਮਾਬਾਦ ਵਿਚ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਕੋਰੀਡੋਰ ਖੋਲ੍ਹਿਆ ਜਾ ਸਕਦਾ ਹੈ ਪਰ ਉਹਨਾਂ ਨੇ ਕਿਹਾ ਕਿ  ਉਸ 'ਤੇ ਹਾਲੇ ਹੋਰ ਵਿਚਾਰ ਕੀਤੇ ਜਾਣ ਦੀ ਲੋੜ ਹੈ।

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੋਰੀਡੋਰ ਜ਼ਰੀਏ ਅਸੀਂ ਦੋਹਾਂ ਦੇਸ਼ਾਂ ਵਿਚ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੱਸਣਯੋਗ ਹੈ ਕਿ ਪਾਕਿਸਤਾਨ ਸਾਲ 2001 ਤੋਂ ਕਹਿੰਦਾ ਆਇਆ ਹੈ ਕਿ ਜੇ ਭਾਰਤ ਚਾਹੇ ਤਾਂ ਉਹ ਇਸ ਕੋਰੀਡੋਰ ਨੂੰ ਖੋਲ੍ਹ ਸਕਦਾ ਹੈ। ਤੁਹਾਨੂੰ ਦਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਵਿਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਉੱਥੋਂ ਦੇ ਫੌਜ ਚੀਫ ਨੂੰ ਜੱਫੀ ਪਾਉਣ ਕਾਰਨ ਹੋਏ ਵਿਵਾਦ 'ਤੇ ਕਿਹਾ ਸੀ

ਕਿ ਅਜਿਹਾ ਉਨ੍ਹਾਂ ਨੇ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਣ ਦਾ ਭਰੋਸਾ ਫੌਜ ਮੁਖੀ ਨੇ ਦਿੱਤਾ ਸੀ। ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਪਹਿਲਾ ਗੁਰਦੁਆਰਾ ਮੰਨਿਆ ਜਾਂਦਾ ਹੈ, ਜਿਸ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਉਨ੍ਹਾਂ ਨੇ ਇੱਥੋਂ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ।

ਜ਼ਿਕਰਯੋਗ ਹੈ ਕਿ ਇਹ ਜਗ੍ਹਾ ਭਾਰਤੀ ਸੀਮਾ ਤੋਂ ਕਰੀਬ 4 ਕਿਲੋਮੀਟਰ ਦੂਰ ਹੈ। ਹਾਲੇ ਪੰਜਾਬ ਦੇ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਬਾਰਡਰ ਆਊਟਪੋਸਟ ਤੋਂ ਦੂਰਬੀਨ ਜ਼ਰੀਏ ਭਾਰਤੀ ਸ਼ਰਧਾਲੂ ਇਸ ਗੁਰਦੁਆਰੇ ਦੇ ਦਰਸ਼ਨ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਸਾਲ 2019 ਵਿਚ ਇੱਥੇ ਮਨਾਇਆ ਜਾਣਾ ਹੈ। ਇਸ ਮੌਕੇ 'ਤੇ ਸਿੱਖ ਭਾਈਚਾਰਾ ਇਸ ਕੋਰੀਡੋਰ ਨੂੰ ਖੋਲ੍ਹਣ ਦੀ ਮੰਗ ਜ਼ੋਰ-ਸ਼ੋਰ ਨਾਲ ਕਰ ਰਿਹਾ ਹੈ।