ਸਿੰਗਾਪੁਰ 'ਚ ਭਾਰਤੀ ਮੂਲ ਦਾ ਮਲੇਸ਼ੀਆਈ ਵਿਅਕਤੀ ਨਸ਼ੀਲੇ ਪਦਾਰਥਾਂ ਦੇ 2 ਸਾਲ ਪੁਰਾਣੇ ਮਾਮਲੇ 'ਚ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਮਾਮਲੇ ਵਿਚ ਦੋਸ਼ੀ ਨੂੰ ਮਈ 2020 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

Indian-origin man in Singapore acquitted after getting death penalty

 

ਸਿੰਗਾਪੁਰ - ਭਾਰਤੀ ਮੂਲ ਦੇ 39 ਸਾਲਾ ਮਲੇਸ਼ੀਆਈ ਨੂੰ ਸਿੰਗਾਪੁਰ ਦੀ ਅਪੀਲੀ ਅਦਾਲਤ ਨੇ ਸੋਮਵਾਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਕੇਸ ਵਿੱਚ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਕਿ ਇਸਤਗਾਸਾ ਪੱਖ ਆਪਣਾ ਕੇਸ ਸਾਬਤ ਨਹੀਂ ਕਰ ਸਕਿਆ। ਇਸ ਮਾਮਲੇ ਵਿਚ ਦੋਸ਼ੀ ਨੂੰ ਮਈ 2020 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਸਿੰਗਾਪੁਰ ਦੀ ਸਿਖਰਲੀ ਅਦਾਲਤ ਨੇ ਅਕਤੂਬਰ 2011 ਵਿੱਚ ਇੱਥੇ ਇੱਕ ਕਾਰ ਪਾਰਕਿੰਗ ਲਾਟ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਪੁਨੀਥਨ ਗਨਾਸਨ ਨੂੰ ਬਰੀ ਕਰ ਦਿੱਤਾ। ਮਈ 2020 ਵਿੱਚ ਗਨਾਸਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਹੜੀ ਕਿ ਸਿੰਗਾਪੁਰ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਦਿੱਤੀ ਗਈ ਪਹਿਲੀ ਮੌਤ ਦੀ ਸਜ਼ਾ ਸੀ। ਗਨਾਸਨ ਖ਼ਿਲਾਫ਼ ਇਹ ਕੇਸ ਉਦੋਂ ਸ਼ੁਰੂ ਕੀਤਾ ਗਿਆ ਸੀ ਜਦੋਂ ਨਸ਼ੀਲਾ ਪਦਾਰਥ ਪਹੁੰਚਾਉਣ ਵਾਲਿਆਂ ਵਿੱਚੋਂ ਇੱਕ ਨੇ ਦੋਸ਼ ਲਗਾਇਆ ਸੀ ਕਿ ਗਨਾਸਨ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਮਾਸਟਰਮਾਈਂਡ ਸੀ, ਜਿਸ ਵਾਸਤੇ ਨਸ਼ਾ ਪਹੁੰਚਾਉਣ ਵਾਲਿਆਂ ਨੂੰ ਕੇਂਦਰੀ ਨਾਰਕੋਟਿਕਸ ਬਿਊਰੋ ਦੇ ਅਧਿਕਾਰੀਆਂ ਨੇ 28 ਅਕਤੂਬਰ, 2011 ਨੂੰ ਗ੍ਰਿਫ਼ਤਾਰ ਕੀਤਾ ਸੀ।

ਦੋਵਾਂ ਕੋਲੋਂ ਘੱਟੋ-ਘੱਟ 28.5 ਗ੍ਰਾਮ ਡਾਇਮੋਰਫ਼ਿਨ ਜਾਂ ਸ਼ੁੱਧ ਹੈਰੋਇਨ ਵਾਲਾ ਦਾਣੇਦਾਰ ਪਦਾਰਥ ਬਰਾਮਦ ਕੀਤਾ ਗਿਆ ਸੀ। ਕੇਂਦਰੀ ਨਾਰਕੋਟਿਕਸ ਬਿਊਰੋ ਦੀ ਵੈੱਬਸਾਈਟ ਅਨੁਸਾਰ, ਸਿੰਗਾਪੁਰ ਦੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕਾਨੂੰਨ ਵਿੱਚ 15 ਗ੍ਰਾਮ ਤੋਂ ਵੱਧ ਡਾਇਮੋਰਫ਼ਿਨ ਦੀ ਗ਼ੈਰ-ਕਾਨੂੰਨੀ ਦਰਾਮਦ ਜਾਂ ਨਿਰਯਾਤ ਲਈ ਮੌਤ ਦੀ ਸਜ਼ਾ ਹੈ। ਸੁਣਵਾਈ ਦਾ ਫ਼ੈਸਲਾ ਸੋਮਵਾਰ ਨੂੰ ਜਾਰੀ ਕੀਤਾ ਗਿਆ। ਮੁਕੱਦਮੇ ਦੀ ਸੁਣਵਾਈ ਦੌਰਾਨ, ਇਸਤਗਾਸਾ ਇਹ ਸਾਬਤ ਕਰਨ ਵਿੱਚ ਨਾਕਾਮ ਰਿਹਾ ਕਿ ਗਨਾਸਨ ਅਤੇ ਨਸ਼ਾ ਤਸਕਰਾਂ ਵਿਚਕਾਰ ਡਰੱਗ ਲੈਣ-ਦੇਣ ਤੋਂ ਪਹਿਲਾਂ ਕੋਈ ਮੀਟਿੰਗ ਹੋਈ ਸੀ।