ਸਰਬ ਧਰਮਾਂ ਦੇ ਸਾਂਝੇ ਭਾਰਤ ਨੂੰ ਸਦੀਆਂ ਪੁਰਾਣੇ, ਇਕ ਧਰਮ ਦੇ ਰਾਜ ਵਲ ਧਕੇਲਣ ਨਾਲ ਭਾਰਤ ਦੇਸ਼ ਬੱਚ ਨਹੀਂ ਸਕੇਗਾ
ਅੱਜ ਸਾਡੇ ਸਿਆਸਤਦਾਨ ਮੁੜ ਤੋਂ ਮਸਜਿਦ ਨੂੰ ਮੰਦਰ ਵਿਚ ਤਬਦੀਲ ਕਰਨ ਦੀ ਸੋਚ ਅੱਗੇ ਲਿਆ ਰਹੇ ਹਨ
ਗਿਆਨਵਾਪੀ ਮਸਜਿਦ ਹੈ ਜਾਂ ਮੰਦਰ? ਯੋਗੀ ਅਦਿਤਯਨਾਥ ਨੇ ਇਸ ਭਖਦੇ ਵਿਵਾਦ ਨੂੰ ਲੈ ਕੇ ਬਿਆਨ ਦਿਤਾ ਹੈ ਕਿ ਮੁਸਲਮਾਨਾਂ ਨੂੰ ਅੱਗੇ ਆ ਕੇ ਇਸ ਇਤਿਹਾਸਕ ਗ਼ਲਤੀ ਨੂੰ ਸੁਧਾਰਨ ਦਾ ਰਸਤਾ ਅਪਨਾਉਣਾ ਚਾਹੀਦਾ ਹੈ। ਇਤਿਹਾਸ ਵਿਚ ਬੜੇ ਵੇਰਵੇ ਹਨ ਜੋ ਇਸ਼ਾਰਾ ਕਰਦੇ ਹਨ ਕਿ ਇਸ ਥਾਂ ’ਤੇ ਵਿਸ਼ਵਨਾਥ ਮੰਦਰ ਸੀ, ਜਿਸ ਦੀ ਉਸਾਰੀ ਪਿੱਛੇ ਅਕਬਰ ਦਾ ਹੱਥ ਸੀ। ਅਕਬਰ ਦੇ ਰਾਜ ਵਿਚ ਟੋਡਰ ਮਲ ਤੇ ਨਾਰਾਇਣ ਨੇ ਵਿਸ਼ਵਨਾਥ ਮੰਦਰ ਦੀ ਉਸਾਰੀ ਦੀ ਜ਼ਿੰਮੇਵਾਰੀ ਲਈ ਸੀ ਤੇ ਔਰੰਗਜ਼ੇਬ ਨੇ ਮਸਜਿਦ ਨੂੰ ਢਾਹ ਕੇ ਮੰਦਰ ਉਸਾਰਿਆ ਸੀ।
ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਇਥੇ ਮੰਦਰ ਸੀ ਜਿਸ ਨੂੰ ਕੁਤਬ-ਉਦ-ਦੀਨ ਐਬਕ ਨੇ 1193-95 ਸੀਏ ਵਿਚ ਢਾਹਿਆ ਸੀ। ਫਿਰ ਮਰਾਠਾ ਸ਼ਾਸਕ ਅਹਿਲਿਆ ਬਾਈ ਹੋਲਕਰ ਨੇ 1780 ਵਿਚ ਮਸਜਿਦ ਦੇ ਨਾਲ ਹੀ ਮੰਦਰ ਵੀ ਬਣਵਾਇਆ।
ਅੱਜ ਸਾਡੇ ਸਿਆਸਤਦਾਨ ਮੁੜ ਤੋਂ ਮਸਜਿਦ ਨੂੰ ਮੰਦਰ ਵਿਚ ਤਬਦੀਲ ਕਰਨ ਦੀ ਸੋਚ ਅੱਗੇ ਲਿਆ ਰਹੇ ਹਨ। ਬਾਬਰੀ ਮਸਜਿਦ ਨੂੰ ਢਾਹੇ ਜਾਣ ਤੇ ਰਾਮ ਮੰਦਰ ਦੇ ਉਸਾਰਨ ਤੇ ਕਾਨੂੰਨੀ ਠੱਪਾ ਲੱਗਣ ਤੋਂ ਬਾਅਦ ਇਸ ਤਰ੍ਹਾਂ ਦੇ ਵਿਵਾਦਾਂ ਨੂੰ ਚੋਣਾਂ ਤੋਂ ਪਹਿਲਾਂ ਸ਼ੁਰੂ ਕਰਨ ਦੀ ਸੰਭਾਵਨਾ ਕਾਫ਼ੀ ਦੇਰ ਤੋਂ ਬਣਦੀ ਨਜ਼ਰ ਆ ਰਹੀ ਸੀ ਪਰ ਕੀ ਇਹ ਰਸਤਾ ਸਾਡੇ ਦੇਸ਼ ਵਾਸਤੇ ਸਹੀ ਵੀ ਹੈ? ਕੀ ਇਤਿਹਾਸ ਨੂੰ ਖੰਘਾਲਣ ਨਾਲ ਭਾਰਤ ਅੱਜ ਦਾ ਅੱਵਲ ਦਰਜੇ ਦਾ ਦੇਸ਼ ਬਣ ਸਕਦਾ ਹੈ? ਕੀ ਇਤਿਹਾਸ ਨੂੰ ਇਸ ਤਰ੍ਹਾਂ ਦੀ ਨਜ਼ਰ ਨਾਲ ਵੇਖਣ ਵਾਲੇ ਸਾਡੇ ਇਤਿਹਾਸ ਦੀਆਂ ਗ਼ਲਤੀਆਂ ਨੂੰ ਵੀ ਸਮਝ ਪਾ ਰਹੇ ਹਨ? ਜਦ ਵੀ ਦੁਨੀਆਂ ਵਿਚ ਅਜਿਹੇ ਆਗੂ ਆਏ ਹਨ, ਜਿਨ੍ਹਾਂ ਨੇ ਅੱਜ ਨੂੰ ‘ਬੀਤੇ ਦਿਨਾਂ ਦੀ ਇਕ ਧਰਮ ਜਾਂ ਕੌਮ ਦੀ ਸ਼ਾਨ’ ਵਲ ਲਿਜਾਣ ਬਾਰੇ ਸੋਚਿਆ ਹੈ ਤਾਂ ਕੀ ਉਹ ਸਫ਼ਲ ਹੋਏ ਹਨ? ਕੀ ਹਿਟਲਰ ਜਰਮਨੀ ਵਾਸਤੇ ਸਹੀ ਸਾਬਤ ਹੋਇਆ ਜਾਂ ਤਾਲਿਬਾਨ ਨੇ ਅਫ਼ਗਾਨਿਸਤਾਨ ਨੂੰ ਅੱਵਲ ਬਣਾਇਆ? ਫਿਰ ਭਾਰਤ ਕਿਸ ਗੱਲ ਨਾਲ ਇਤਿਹਾਸ ਦੇ ਕੁੱਝ ਦਿਨਾਂ ਨੂੰ ਵਾਪਸ ਲਿਆਉਣ ਲਈ ਅੱਜ ਦੇ ਭਾਰਤ ਨੂੰ ਵੰਡ ਰਿਹਾ ਹੈ?
ਜੇ ਇਤਿਹਾਸ ਵਲ ਵੀ ਵੇਖੀਏ ਤਾਂ ਕੀ ਤੁਸੀ ਅੱਜ ਔਰੰਗਜ਼ੇਬ ਦੀ ਨਫ਼ਰਤ ਦਾ ਜਵਾਬ ਦੇਣਾ ਚਾਹੋਗੇ ਜਾਂ ਅਕਬਰ ਦੀ ਸੋਚ ਉਤੇ ਪ੍ਰਵਾਨਗੀ ਦੀ ਮੋਹਰ ਲਾਉਗੇ? ਫਿਰ ਇਹ ਕਿਉਂ ਨਹੀਂ ਸੋਚਦੇ ਕਿ ਮਰਾਠਾ ਸ਼ਾਸਕ ਹੋਲਕਰ (ਇੰਦੌਰ) ਦੀ ਸੱਭ ਤੋਂ ਵਧੀਆ ਸੋਚ ਵਾਲੀ ਸਰਕਾਰ ਸੀ ਜਿਸ ਦੇ ਫ਼ੈਸਲੇ ਨੂੰ ਅੱਜ ਲਾਗੂ ਕਰਨ ਦੀ ਜ਼ਰੂਰਤ ਹੈ। ਗ਼ਲਤੀ ਨੂੰ ਸੁਧਾਰਨ ਵਾਸਤੇ ਹੋਲਕਰ ਨੇ ਇਕ ਨਵੀਂ ਗ਼ਲਤੀ ਨਹੀਂ ਸੀ ਕੀਤੀ ਸਗੋਂ ਨਵਾਂ ਮੰਦਰ ਨਾਲ ਹੀ ਬਣਾ ਕੇ ਨਵੀਂ ਪ੍ਰੰਪਰਾ ਕਾਇਮ ਕੀਤੀ ਜਿਸ ਨਾਲ ਭਾਰਤ ਵਿਚ ਆਪਸੀ ਸਾਂਝ ਤੇ ਭਾਈਚਾਰਾ ਵਧਿਆ। ਇਹੀ ਭਾਈਚਾਰਕ ਸਾਂਝ ਹੀ ਸੀ ਜਿਸ ਸਦਕਾ ਜਦ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਵਾਲੀਆਂ ਲਹਿਰਾਂ ਸ਼ੁਰੂ ਹੋਈਆਂ ਤਾਂ ਕਾਲਾ ਪਾਣੀ ਦੀ ਪਹਿਲੀ ਸਜ਼ਾ ਭਾਈ ਮਹਾਰਾਜ ਸਿੰਘ ਨੇ ਹੰਢਾਈ ਤੇ 1857 ਦੀ ਬਗ਼ਾਵਤ ਵਿਚ ਮੁਸਲਮਾਨ ਹੀ ਅੱਗੇ ਸਨ। ਸਾਰੇ ਆਪਸੀ ਵੈਰ ਵਿਰੋਧ ਛੱਡ ਕੇ, ਅੰਗਰੇਜ਼ਾਂ ਨੂੰ ਬਾਹਰ ਭਜਾਇਆ ਗਿਆ ਜਿਸ ਸਦਕਾ ਆਜ਼ਾਦ ਭਾਰਤ ਵਿਚ ਸਹਿਣਸ਼ੀਲਤਾ ਨੇ ਅੱਜ ਤਕ ਦੇਸ਼ ਨੂੰ ਬੰਨ੍ਹੀ ਰਖਿਆ ਹੈ। ਕੀ ਇਸ ਤਰ੍ਹਾਂ ਦੀਆਂ ਚਰਚਾਵਾਂ ਦੇਸ਼ ਦਾ ਨੁਕਸਾਨ ਨਹੀਂ ਕਰਨਗੀਆਂ?
- ਨਿਮਰਤ ਕੌਰ