Editorial: ਭਾਰਤ ਦੇ ਨੌਜਵਾਨਾਂ ਅੰਦਰ ਬੇਰੁਜ਼ਗਾਰੀ ਬਾਰੇ ਅੰਤਰ-ਰਾਸ਼ਟਰੀ ਮਜ਼ਦੂਰੀ ਸੰਸਥਾ ਦੀ ਪ੍ਰੇਸ਼ਾਨ ਕਰ ਦੇਣ ਵਾਲੀ ਰੀਪੋਰਟ
ਇਸ ਰੀਪੋਰਟ ਨੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀਆਂ ਮੁਸ਼ਕਲਾਂ ’ਤੇ ਧਿਆਨ ਕੇਂਦਰਤ ਕੀਤਾ ਹੈ ਜੋ ਕਿ ਮਸਲੇ ਦਾ ਹੱਲ ਕੱਢਣ ਵਲ ਇਕ ਕਦਮ ਬਣ ਸਕਦਾ ਹੈ।
Editorial: ਨਾ-ਬਰਾਬਰੀ ਤੋਂ ਬਾਅਦ ਹੁਣ ਆਈ.ਐਲ.ਓ. (International Labour Organization) ਅਤੇ ‘ਮਨੁੱਖੀ ਵਿਕਾਸ ਲਈ ਸੰਸਥਾ’ (Institute for Human Development) ਵਲੋਂ ਭਾਰਤ ਵਿਚ ਪਿਛਲੇ 20 ਸਾਲਾਂ ਵਿਚ ਰੋਜ਼ਗਾਰ ਦੀ ਚਾਲ ਅਤੇ ਆਉਣ ਵਾਲੇ ਸਮੇਂ ਵਿਚ ਇਸ ਨਾਲ ਜੁੜੀਆਂ ਚੁਨੌਤੀਆਂ ਤੇ ਤਰਤੀਬ ਬਾਰੇ ਰੀਪੋਰਟ ਪੇਸ਼ ਕੀਤੀ ਗਈ ਹੈ। ਜੇ ਸਿੱਧੇ ਸ਼ਬਦਾਂ ਵਿਚ ਬਿਆਨ ਕਰੀਏ ਤਾਂ ਜਿੰਨਾ ਜ਼ਿਆਦਾ ਪੜ੍ਹਾਇਆ-ਸਿਖਾਇਆ ਓਨੀ ਜ਼ਿਆਦਾ ਰੁਜ਼ਗਾਰ ਦੀ ਮੰਗ ਉਠੀ। ਜੇ ਪਿਛਲੇ 20 ਸਾਲਾਂ ਵਿਚ ਪੜ੍ਹਾਈ ਪੂਰੀ ਕਰਨ ਵਾਲੇ ਨੌਜੁਆਨਾਂ ਦੀ ਸੰਖਿਆ 18 ਫ਼ੀਸਦੀ ਤੋਂ 35 ਫ਼ੀਸਦੀ ਵਧੀ ਹੈ ਤਾਂ ਨਾਲ ਹੀ, ਕੰਮ ਕਰਨ ਵਾਲੇ ਲੋਕਾਂ ਵਿਚ ਨੌਜੁਆਨਾਂ ਦੀ ਸੰਖਿਆ 32 ਤੋਂ ਲੈ ਕੇ 37 ਫ਼ੀਸਦੀ ਤਕ ਘਟੀ ਹੈ। ਬੇਰੁਜ਼ਗਾਰਾਂ ਵਿਚ ਪੜ੍ਹੇ-ਲਿਖੇ ਨੌਜੁਆਨਾਂ ਦੀ ਸੰਖਿਆ 54.2 ਫ਼ੀਸਦੀ ਤੋਂ 65.7 ਫ਼ੀਸਦੀ ਵਧੀ ਹੈ।
ਜਿਹੜੇ ਕੰਮਾਂਕਾਰਾਂ ਉਤੇ ਲੱਗੇ ਹੋਏ ਹਨ, ਉਨ੍ਹਾਂ ਵਿਚੋਂ 90.4 ਫ਼ੀਸਦੀ ਆਰਜ਼ੀ ਨੌਕਰੀਆਂ ਵਿਚ ਹਨ। ਇਸ ਖੋਜ ਨੇ ਬੜੇ ਪ੍ਰਵਾਨਤ ਅੰਕੜਿਆਂ ਨੂੰ ਆਧਾਰ ਬਣਾ ਕੇ ਉਹੀ ਕੁੱਝ ਕਿਹਾ ਹੈ ਜੋ ਆਰਥਕ ਮਾਹਰ ਪਹਿਲਾਂ ਹੀ ਕਹਿ ਰਹੇ ਸਨ ਤੇ ਜੋ ਕਾਫ਼ੀ ਅਰਥ ਸ਼ਾਸਤਰੀ ਆਖ ਰਹੇ ਸਨ ਪਰ ਇਸ ਖੋਜ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਸਰਕਾਰੀ ਅਫ਼ਸਰ ਇਨ੍ਹਾਂ ਅੰਕੜਿਆਂ ਨੂੰ ਵੀ ਮੰਨਣ ਵਾਸਤੇ ਤਿਆਰ ਨਹੀਂ ਹਨ ਤੇ ਕਈ ਲੋਕ ਅਜੀਬੋ ਗ਼ਰੀਬ ਬਿਆਨ ਦੇ ਰਹੇ ਹਨ।
ਜਦ ਤਕ ਮਾਹਰ ਇਨ੍ਹਾਂ ਤੱਥਾਂ ਨੂੰ ਕਬੂਲਣਗੇ ਨਹੀਂ, ਤਦ ਤਕ ਮਸਲੇ ਦਾ ਹੱਲ ਨਹੀਂ ਨਿਕਲਣਾ। ਇਸ ਰੀਪੋਰਟ ਨੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀਆਂ ਮੁਸ਼ਕਲਾਂ ’ਤੇ ਧਿਆਨ ਕੇਂਦਰਤ ਕੀਤਾ ਹੈ ਜੋ ਕਿ ਮਸਲੇ ਦਾ ਹੱਲ ਕੱਢਣ ਵਲ ਇਕ ਕਦਮ ਬਣ ਸਕਦਾ ਹੈ। ਪਹਿਲਾਂ ਪੜ੍ਹਾਈ ਤੇ ਰੁਜ਼ਗਾਰ ਦੀ ਤਿਆਰੀ ਵੀ ਮੇਲ ਨਹੀਂ ਖਾਂਦੀ। ਜੇ ਆਰਥਕ ਮਾਹਰ ਤੇ ਨੀਤੀਘਾੜੇ ਇਸ ਗੱਲ ਨੂੰ ਸਮਝ ਲੈਣ ਤਾਂ ਹੱਲ ਸਾਡੇ ਅਪਣੇ ਹੀ ਹੱਥ ਵਿਚ ਹੈ। ਪਹਿਲਾਂ ਤਾਂ ਪੜ੍ਹਾਈ ਨੂੰ ਰੁਜ਼ਗਾਰ ਨਾਲ ਜੋੜ ਕੇ ਵੋਕੇਸ਼ਨਲ ਟ੍ਰੇਨਿੰਗ (ਕਿਸੇ ਕਿੱਤੇ ਦੀ ਸਿਖਲਾਈ) ਨਾਲ ਨੌਜੁਆਨਾਂ ਨੂੰ ਲੈਸ ਕਰਵਾਉਣ ਦੀ ਜ਼ਰੂਰਤ ਹੈ। ਅੱਜ ਜਿਹੜੇ ਵੋਕੇਸ਼ਨਲ ਟ੍ਰੇਨਿੰਗ ਕਰ ਵੀ ਰਹੇ ਹਨ, ਉਨ੍ਹਾਂ ਦਾ ਪੱਧਰ ਹਲਕਾ ਹੈ। ਸੋ ਸਿਖਿਆ ਅਤੇ ਤਿਆਰੀ ਵਾਸਤੇ ਸਰਕਾਰਾਂ ਨੂੰ ਬਜਟ ਵਧਾਉਣ ਦੀ ਲੋੜ ਹੈ। ਦੂਜਾ ਜਿੰਨੀਆਂ ਨੌਕਰੀਆਂ ਖ਼ਾਲੀ ਹੋ ਰਹੀਆਂ ਹਨ, ਉਨ੍ਹਾਂ ਨੂੰ ਠੇਕਾ ਨੌਕਰੀਆਂ ਨਾਲ ਭਰਿਆ ਜਾ ਰਿਹਾ ਹੈ। ਇਸ ਤਰ੍ਹਾਂ ਪੈਸਾ ਜ਼ਰੂਰ ਬਚਦਾ ਹੈ ਪਰ ਜੇ ਤੁਹਾਡਾ ਨੌਜੁਆਨ ਬੇਰੁਜ਼ਗਾਰ ਹੈ ਤੇ ਘਬਰਾਇਆ ਹੋਇਆ ਹੈ ਤਾਂ ਫਿਰ ਪੈਸਾ ਬਚਾ ਕੇ ਕੀ ਕਰਨਾ ਹੈ?
ਇਸ ਰੀਪੋਰਟ ਵਿਚ ਸੁਝਾਅ ਵੀ ਹਨ ਜੋ ਉਹੀ ਕੁੱਝ ਆਖਦੇ ਹਨ ਜੋ ਸਾਡੇ ਸੜਕਾਂ ਦੇ ਕਿਨਾਰੇ ਬੈਠੇ ਕਿਸਾਨ ਕਹਿੰਦੇ ਹਨ ਅਰਥਾਤ ਕਿਸਾਨੀ ਨੂੰ ਮੁਨਾਫ਼ੇ ਵਾਲਾ ਕਿੱਤਾ ਬਣਾਉ ਤੇ ਉਸ ਵਿਚ ਜੁੜੇ ਨੌਜੁਆਨਾਂ ਨੂੰ ਛੋਟੇ ਤੇ ਦਰਮਿਆਨੇ ਉਦਯੋਗਾਂ ਵਿਚ ਸ਼ਾਮਲ ਕਰੋ। ਭਾਰਤ ਦੀ ਅਸਲ ਉਨਤੀ ਛੋਟੇ ਅਤੇ ਮੱਧਮ ਵਰਗ ਦੇ ਉਦਯੋਗ ਵਿਚ ਹੈ। ਅੱਜ ਦੇ ਨੀਤੀਘਾੜੇ ਇਹ ਸਮਝ ਹੀ ਨਹੀਂ ਪਾ ਰਹੇ। ਉਨ੍ਹਾਂ ਦਾ ਕਹਿਣਾ ਸਹੀ ਹੈ ਕਿ ਭਾਰਤ ਦੀ ਆਰਥਕਤਾ ਦਾ ਸਾਈਜ਼ ਵੱਧ ਰਿਹਾ ਹੈ। ਇਸ ਸਮੇਂ ਭਾਰਤ ਦੇ ਹੱਥ ਵਿਚ ਉਹ ਮੌਕਾ ਆ ਗਿਆ ਹੈ ਜੋ ਕਦੇ ਚੀਨ ਕੋਲ ਹੁੰਦਾ ਸੀ ਪਰ ਸਿਰਫ਼ ਇਕ ਪਹਿਲੂ ਸਮਝਣ ਨਾਲ ਗੱਲ ਨਹੀਂ ਬਣੇਗੀ।
ਭਾਰਤ ਦੀ ਹਕੀਕਤ ਚੀਨ ਤੋਂ ਵਖਰੀ ਹੈ ਜਿਥੇ ਲੋਕਤੰਤਰ ਹੈ ਤੇ ਮਜ਼ਦੂਰ ਦੇ ਹੱਕ ਖ਼ਤਮ ਕਰ ਕੇ ਚੀਨ ਵਾਂਗ ਉਦਯੋਗ ਚਲਾਣਾ ਮੁਮਕਿਨ ਨਹੀਂ। ਭਾਰਤ ਪਛਮੀ ਦੁਨੀਆਂ ਵਾਂਗ ਪੂੰਜੀਵਾਦੀ ਨਹੀਂ ਬਣ ਸਕਦਾ ਕਿਉਂਕਿ ਇਸ ਦੀ ਆਬਾਦੀ ਤੁਰਤ ਹੱਲ ਮੰਗਦੀ ਹੈ। ਪਰ ਸਾਡੇ ਨੀਤੀਘਾੜਿਆਂ ਦੇ ਦਿਮਾਗ਼ ਇਕ ਸੂਈ ਦੇ ਨੱਕੇ ਤੋਂ ਵੀ ਤੰਗ ਨਜ਼ਰ ਆਉਂਦੇ ਹਨ ਜੋ ਅਪਣੀ ਜ਼ਮੀਨੀ ਹਕੀਕਤ ਨੂੰ ਵੀ ਸਮਝ ਹੀ ਨਹੀਂ ਪਾਉਂਦੇ। ਪਰ ਕਦ ਤਕ ਦੇਸ਼ ਦਾ ਬੇਰੁਜ਼ਗਾਰ ਨੌਜੁਆਨ ਇਸ ਤਰ੍ਹਾਂ ਦਾ ਮਾਯੂਸੀ ਭਰਿਆ ਜੀਵਨ ਬਿਤਾ ਸਕੇਗਾ?
- ਨਿਮਰਤ ਕੌਰ