‘ਗਊ ਮਾਤਾ’ ਦੀ ਸੱਚੀ ਦੇਖ-ਭਾਲ ਤੇ ਸੇਵਾ ਕਰਨ ਦੀ ਬਜਾਏ ਮੁਸਲਮਾਨਾਂ ਨਾਲ ਰੋਸਾ ਕਿ ਉਹ ਗਾਂ ਨੂੰ ‘ਗਊ-ਮਾਤਾ ਕਿਉਂ ਨਹੀਂ ਮੰਨਦੇ’

ਏਜੰਸੀ

ਵਿਚਾਰ, ਸੰਪਾਦਕੀ

ਇਸ ਲੜਾਈ ਦੀ ਸ਼ੁਰੂਆਤ ਕਲ ਨਹੀਂ ਹੋਈ ਸਗੋਂ ਕੁੱਝ ਮਹੀਨੇ ਪਹਿਲਾਂ ਹੀ ਹੋ ਗਈ ਸੀ ਜਦ ਇਕ ਸ਼ਖ਼ਸ ਮੋਨੂੰ ਮਾਨੇਸਰ ਵਲੋਂ ਦੋ ਮੁਸਲਮਾਨਾਂ ਨੂੰ ਮਾਰ ਦਿਤਾ ਗਿਆ

photo

 

ਅਜੇ ਮਨੀਪੁਰ ਵਿਚ ਸ਼ਾਂਤੀ ਪਰਤੀ ਨਹੀਂ ਕਿ ਹਰਿਆਣਾ ਦੇ ਨੂਹ ਵਿਚ ਅੱਗਾਂ ਲਗਣੀਆਂ ਸ਼ੁਰੂ ਹੋ ਗਈਆਂ ਹਨ ਤੇ ਫਿਰ ਤੋਂ ਸਾਹਮਣੇ ਆ ਰਿਹਾ ਹੈ ਕਿ ਅੱਜ ਇਕ ਆਮ ਭਾਰਤੀ ਅਪਣੇ ਹੀ ਦੇਸ਼ਵਾਸੀ ਨੂੰ ਅਪਣਾ ਦੁਸ਼ਮਣ ਮੰਨਦਾ ਹੈ। ਸਾਡੇ ਸਮਾਜ ਵਿਚ ਧਰਮ ਦੇ ਨਾਮ ’ਤੇ, ਜਾਤ ਦੇ ਨਾਮ ’ਤੇ ਅਜਿਹੀਆਂ ਦਰਾੜਾਂ ਬਣ ਗਈਆਂ ਹਨ ਜਿਹੜੀਆਂ ਕਿ ਘਾਤਕ ਮੰਨੀਆਂ ਜਾ ਰਹੀਆਂ ਹਨ। ਹਿੰਦੂ ਜਥੇਬੰਦੀਆਂ ਦਾ ਇਕ ਮਾਰਚ ਜੋ ਨੂਹ ਵਿਚ ਨਿਕਲਿਆ, ਉਸ ਵਿਚ ਕਾਫ਼ੀ ਹਿੰਸਾ ਹੋਈ। ਇਹ ਯਾਤਰਾ ਪਹਿਲੀ ਵਾਰ ਨਹੀਂ ਸੀ ਹੋਈ ਸਗੋਂ ਸਦੀਆਂ ਦੀ ਰੀਤ ਸੀ ਤੇ ਉਸ ਸ਼ਹਿਰ ਦੇ ਉਸ ਹਿੱਸੇ ’ਚੋਂ ਲੰਘਦੀ ਸੀ ਜਿਥੇ ਹਮੇਸ਼ਾ ਹੀ ਮੁਸਲਿਮ ਵਸੋਂ ਬੜੀ ਸੰਘਣੀ ਰਹੀ ਹੈ। ਪਰ ਸਾਨੂੰ ਕਿਹਾ ਜਾ ਰਿਹਾ ਹੈ ਪੁਲਿਸ ਅਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਸਕੀ ਪਰ ਇਸ ਵਿਚ ਉਸ ਦਾ ਕਸੂਰ ਕੋਈ ਨਹੀਂ ਕਿਉਂਕਿ ਪਹਿਲਾਂ ਜਦੋਂ ਵੀ ਇਸ ਤਰ੍ਹਾਂ ਦੇ ਮਾਰਚ ਨਿਕਲਦੇ ਸੀ ਤਾਂ ਕਦੇ ਵੀ ਕੋਈ ਹਿੰਸਕ ਵਾਰਦਾਤ ਨਹੀਂ ਸੀ ਹੋਈ। ਲੋਕਾਂ ਵਿਚ ਆਪਸੀ ਭਾਈਚਾਰਾ ਬਣਿਆ ਰਹਿੰਦਾ ਸੀ। 

ਇਸ ਲੜਾਈ ਦੀ ਸ਼ੁਰੂਆਤ ਕਲ ਨਹੀਂ ਹੋਈ ਸਗੋਂ ਕੁੱਝ ਮਹੀਨੇ ਪਹਿਲਾਂ ਹੀ ਹੋ ਗਈ ਸੀ ਜਦ ਇਕ ਸ਼ਖ਼ਸ ਮੋਨੂੰ ਮਾਨੇਸਰ ਵਲੋਂ ਦੋ ਮੁਸਲਮਾਨਾਂ ਨੂੰ ਮਾਰ ਦਿਤਾ ਗਿਆ। ਉਹ ਅਜੇ ਵੀ ਪੁਲਿਸ ਦੇ ਹੱਥ ਨਹੀਂ ਲਗਿਆ। ਸੋਸ਼ਲ ਮੀਡੀਆ ਰਾਹੀਂ ਇਹ ਕਿਹਾ ਗਿਆ ਕਿ ਮੋਨੂੰ ਮਾਨੇਸਰ ਇਸ ਜਲਸੇ ਵਿਚ ਭਾਗ ਲਵੇਗਾ।  ਆਪਸੀ ਗੱਲਬਾਤ ਵਿਚ ਇਹ ਵੀ ਇਕ ਦੂਜੇ ਨੂੰ ਦਿਲਾਸਾ ਦਿਵਾਇਆ ਜਾਂਦਾ ਹੈ ਤੇ ਮਾਨੇਸਰ ਦਾ ਵੀ ਕਸੂਰ ਸਾਹਮਣੇ ਆਇਆ ਹੈ ਕਿ ਉਸ ਨੇ ਡੀਐਸਪੀ ਦੇ ਕਹਿਣ ’ਤੇ ਇਥੇ ਹਾਜ਼ਰੀ ਭਰਨ ਤੋਂ ਨਾਂਹ ਕਰ ਦਿਤੀ। ਪਰ ਜਦੋਂ ਅਪਣੇ ਹਾਣ ਦੇ ਦੋ ਭਰਾਵਾਂ ਦੇ ਕਾਤਲ ਨੂੰ ਖੁਲ੍ਹੇਆਮ ਜਲਸੇ ਦਾ ਹਿੱਸਾ ਬਣਦੇ ਹੋਏ ਮੁਸਲਮਾਨਾਂ ਨੇ ਦੇਖਿਆ ਤਾਂ ਖ਼ਾਸ ਕਰ ਕੇ ਉਨ੍ਹਾਂ ਦੇ ਨੌਜੁਆਨਾਂ ਵਲੋਂ ਰੋਸ ਵਜੋਂ ਪਥਰਾਅ ਸ਼ੁਰੂ ਕਰ ਦਿਤਾ ਗਿਆ। ਜਦੋਂ ਪਲਟ ਵਾਰ ਹੋਇਆ ਤਾਂ ਸਥਿਤੀ ਬੇਕਾਬੂ ਹੋ ਗਈ। 

ਅੱਜਕਲ ਦੇ ਨੌਜੁਆਨ ਜਿਨ੍ਹਾਂ ਨੂੰ ਬਦਲਦੀ ਦੁਨੀਆਂ, ਬਦਲਦੀ ਤਕਨੀਕ ਵਿਚ ਧਰਮ ਨਿਰਪੱਖ ਹੋਣ ਦੀਆਂ, ਭਾਈਚਾਰਕ ਸਾਂਝ ਦੀਆਂ ਤੇ ਹੋਰ ਚੀਜ਼ਾਂ ਭਾਵ ਦੁਨੀਆਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ, ਉਹ ਧਰਮਾਂ ਦੀਆਂ ਚਾਰ ਦੀਵਾਰੀਆਂ ਵਿਚ ਪਲੇ ਤੇ ਵੱਡੇ ਹੋਏ ਹਨ ਤੇ ਅਜੇ ਵੀ ਬਚਪਨੇ ਵਿਚੋਂ ਬਾਹਰ ਨਹੀਂ ਆ ਰਹੇ।
ਇਸ ਵਿਚ ਕਸੂਰ ਕਿਸ ਦਾ ਹੈ? ਜੇ ਹਿੰਦੂ ਧਰਮ ਗਾਂ ਨੂੰ ਪਵਿੱਤਰ ਮੰਨਦਾ ਹੈ ਤਾਂ ਕੀ ਉਸ ਦਾ ਇਹ ਮਤਲਬ ਹੈ ਕਿ ਉਸ ਪਵਿੱਤਰ ਗਾਂ ਨਾਲ ਕਿਸੇ ਹੋਰ ਵਲੋਂ ਕੁੱਝ ਗ਼ਲਤ ਕਰਨ ਦਾ ਸ਼ੱਕ ਪੈਣ ਤੇ ਹੀ ਉਹ ਉਨ੍ਹਾਂ ਇਨਸਾਨਾਂ ਦੀ ਜਾਨ ਲੈਣੀ ਸ਼ੁਰੂ ਕਰ ਦੇਣਗੇ? ਜਦ ਉਹ ਇਕ ਧਰਮ ਵਾਸਤੇ ਪਵਿੱਤਰ ਹੈ ਤੇ ਦੂਜੇ ਧਰਮ ਲਈ ਪਵਿੱਤਰ ਨਹੀਂ ਹੈ ਤਾਂ ਕੀ ਆਪਸੀ ਸੂਝ ਵਾਲਾ ਵਾਤਾਵਰਣ ਪੈਦਾ ਕਰਨ ਵਾਸਤੇ ਇਸ ਹਿੰਸਕ ਹੋ ਜਾਣ ਦੀ ਪ੍ਰਵਿਰਤੀ ਨੂੰ ਰੋਕਿਆ ਨਹੀਂ ਜਾ ਸਕਦਾ? ਅੱਜ ਜਿਸ ਤਰ੍ਹਾਂ ਵੰਡੀਆਂ ਵੱਧ ਰਹੀਆਂ ਨੇ, ਜਿਸ ਤਰ੍ਹਾਂ ਧਰਮ ਦੇ ਨਾਮ ’ਤੇ ਇਕ ਦੂਜੇ ਨੂੰ ਦੁਸ਼ਮਣ ਬਣਾਇਆ ਜਾ ਰਿਹਾ ਹੈ, ਉਸੇ ਦਾ ਨਤੀਜਾ ਹੈ ਕਿ ਅੱਜ ਪੰਜ ਲੋਕ ਮਾਰੇ ਗਏ ਤੇ ਇਸੇ ਵਾਰਦਾਤ ਨਾਲ ਜੁੜੇ ਹਾਲਾਤ ਵਿਚ ਦੋ ਲੋਕਾਂ ਦੀ ਜਾਨ ਪਹਿਲਾਂ ਹੀ ਜਾ ਚੁੱਕੀ ਹੈ। 

ਸ਼ਾਇਦ ਉਹ ਵਕਤ ਆ ਗਿਆ ਹੈ ਜਦੋਂ ਅਸੀ ਖੁਲ੍ਹ ਕੇ ਉਨ੍ਹਾਂ ਨਾਲ ਗੱਲ ਕਰੀਏ ਅਤੇ ਕਹਿ ਦਈਏ ਕਿ ਇਸ ਦੇਸ਼ ਵਿਚ ਇਹ ਕਾਨੂੰਨ ਲਾਗੂ ਹੋਵੇਗਾ ਤੇ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਪਰ ਦੂਜਿਆਂ ਉਤੇ ਅਪਣਾ ਧਰਮ ਥੋਪਣ ਦੀ ਕੋਸ਼ਿਸ਼ ਨਾ ਕਰੋ। ਅੱਜ ਖੁਲ੍ਹ ਕੇ ਗੱਲ ਕਰਨ ਨਾਲ ਸ਼ਾਇਦ ਇਸ ਤਰ੍ਹਾਂ ਦੇ ਦੰਗੇ, ਇਸ ਤਰ੍ਹਾਂ ਦੀਆਂ ਮੌਤਾਂ ਰੁਕ ਜਾਣ। ਸੱਚੀ ਗੱਲ ਇਹ ਵੀ ਹੈ ਕਿ ਜਿਸ ਪਵਿੱਤਰ ਗਾਂ ਪਿੱਛੇ ਐਨੇ ਇਨਸਾਨ ਮਾਰੇ ਜਾ ਚੁੱਕੇ ਹਨ, ਅਸਲ ਵਿਚ ਉਸ ਦੀ ਹਾਲਤ ਜਾ ਕੇ ਵੇਖੀ ਜਾਵੇ ਤਾਂ  ਉਹ ਗਊ ਮਾਤਾ ਵੀ ਅਪਣੇ ‘ਪੁੱਤਰਾਂ’ ਦੀ ਬੇਰੁਖ਼ੀ ਵੇਖ ਕੇ ਦੁਖ ਹੀ ਮਨਾ ਰਹੀ ਹੋਵੇਗੀ। ਸੋ ਜਿੱਤ ਕਿਸੇ ਦੀ ਵੀ ਨਹੀਂ ਹੋ ਰਹੀ ਪਰ ਹਾਰ ਇਨਸਾਨੀਅਤ ਦੀ ਜ਼ਰੂਰ ਹੋ ਰਹੀ ਹੈ। 
- ਨਿਮਰਤ ਕੌਰ